ਰਮੇਸ਼ ਭਾਰਦਵਾਜ
ਲਹਿਰਾਗਾਗਾ, 31 ਜਨਵਰੀ
ਪਿੰਡ ਗੰਢੂਆਂ ਦੇ ਲੋਕਾਂ ਨੇ ਕਿਸਾਨ ਆਗੂ ਰਾਕੇਸ਼ ਦਿਕੈਤ ਦੀ ਹੰਝੂਆਂ ਦਾ ਹਿਸਾਬ ਲੈਣ ਲਈ ਉਪਰਾਲਾ ਕੀਤਾ ਹੈ। ਪਿੰਡ ਵਾਸੀਆਂ ਨੇ ਫ਼ੈਸਲਾ ਕਰਦਿਆਂ ਹਰ ਘਰ ਦਾ ਵਿਅਕਤੀ ਤੇ ਟਰੈਕਟਰ ਦਿੱਲੀ ਪਹੁੰਚਣ ਲਈ ਮਤਾ ਪਾਇਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 26 ਜਨਵਰੀ ਨੂੰ ਲਾਲ ਕਿਲੇ ਦੀ ਘਟਨਾ ਤੋਂ ਬਾਅਦ ਜਿਵੇਂ ਹੀ ਸਰਕਾਰ ਨੇ ਕਿਸਾਨਾਂ ਨੂੰ ਬਾਰਡਰਾਂ ਤੋਂ ਭੇਜਣ ਲਈ ਹਲਚਲ ਵਧਾਈ ਤਿਵੇਂ ਹੀ ਇਸ ਦੇ ਉਲਟ ਪੰਜਾਬ, ਹਰਿਆਣਾ ਤੇ ਦੂਜੇ ਰਾਜਾਂ ਦੇ ਲੋਕਾਂ ’ਚ ਪੂਰਾ ਜੋਸ਼ ਆ ਗਿਆ ਹੈ। ਕਿਸਾਨ ਹੁਣ ਦੁਬਾਰਾ ਦਿੱਲੀ ਵੱਲ ਚਾਲੇ ਪਾਉਣ ਲੱਗੇ ਹਨ। ਪਿੰਡ ਗੰਢੂਆਂ ਦੇ ਜੰਮਪਲ ਕਾਮੇਡੀਅਨ ਤੇ ਫ਼ਿਲਮੀ ਐਕਟਰ ਕਰਮਜੀਤ ਅਨਮੋਲ ਨੇ ਲੋਕਾਂ ਨੂੰ ਦਿੱਲੀ ਜਾਣ ਲਈ ਬਣਾਈ ਰਣਨੀਤੀ ਦੀ ਸ਼ਲਾਘਾ ਕੀਤੀ ਕਿ ਲਾਲ ਕਿਲੇ ਦੀ ਘਟਨਾ ਬਾਅਦ ਅਫਵਾਹ ਸੀ ਕਿ ਕਿਸਾਨ ਵਾਪਸ ਜਾ ਚੁੱਕੇ ਹਨ। ਜਿਵੇਂ ਹੀ ਦੇਸ਼ ਦੇ ਕਿਸਾਨਾਂ ਨੇ ਰਕੇਸ਼ ਟਕੈਤ ਦੀਆਂ ਅੱਖਾਂ ’ਚ ਅੱਥਰੂ ਦੇਖੇ ਤਾਂ ਉਨ੍ਹਾਂ ਅੱਥਰੂਆਂ ਦਾ ਐਨਾ ਅਸਰ ਹੋਇਆ ਕਿ ਇਕ ਵਾਰ ਫੇਰ ਕਿਸਾਨਾਂ ਦਾ ਦਿੱਲੀ ਦੇ ਬਾਰਡਰਾਂ ’ਤੇ ਸੈਲਾਬ ਆ ਗਿਆ ਹੈ। ਪਿੰਡ ਗੰਢੂਆਂ ਦੇ ਨੌਜਵਾਨ ਆਗੂ ਨਵਦੀਪ ਸਿੰਘ, ਜਸਵਿੰਦਰ ਸਿੰਘ ਤੇ ਕਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਗੰਢੂਆਂ ’ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜਿਹੜਾ ਦਿੱਲੀ ਨਹੀਂ ਜਾ ਸਕਦਾ ਉਹ 2000 ਰੁਪਿਆ ਬਤੌਰ ਸੇਵਾ ਫੰਡ ਦੇਵੇਗਾ।
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ) 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ/ ਦੀ ਘਟਨਾ ਸਮੇਂ ਕਿਸਾਨੀ ਸੰਘਰਸ਼ ਬਿਖਰਨ ਤੋਂ ਬਾਅਦ ਰਾਕੇਸ਼ ਟਿਕੈਤ ਦੀ ਭਾਵੁਕਤਾ ਅਪੀਲ ਦਾ ਅਸਰ ਪੰਜਾਬ ਦੇ ਪਿੰਡਾਂ ’ਚ ਵੇਖਣ ਨੂੰ ਮਿਲ ਰਿਹਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਇਕਾਈਆਂ ਤੋਂ ਇਲਾਵਾ, ਪੰਚਾਇਤਾਂ, ਖੇਡ ਕਲੱਬਾਂ ਹੋਰ ਆਗੂਆਂ ਵੱਲੋਂ ਆਪ ਮੁਹਾਰੇ ਦਿੱਲੀ ਜਾਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਿੰਡ ਕੰਗਣਵਾਲ ਤੋਂ ਸਰਪੰਚ ਰੁਪਿੰਦਰ ਪਿੰਦੂ ਜੋ ਪਹਿਲਾਂ ਵੀ ਦਿੱਲੀ ਕਿਸਾਨੀ ਸੰਘਰਸ ’ਚ ਕਈ ਵਾਰ ਸਾਮਲ ਹੋ ਚੁੱਕੇ ਹਨ, ਵੱਲੋਂ ਪਿੰਡ ਦੇ ਗੁਰਦੁਆਰੇ ’ਚ ਹੋਕਾ ਦੇ ਕੇ ਪਿੰਡ ਦੇ ਹਰ ਘਰ ਤੋਂ ਇੱਕ ਵਿਅਕਤੀ ਨੂੰ ਦਿੱਲੀ ਕਿਸਾਨੀ ਸੰਘਰਸ਼ ’ਚ ਜਾਣ ਦੀ ਅਪੀਲ ਕੀਤੀ ਗਈ ਤੇ ਨੌਜਵਾਨ ਵਾਲੰਟੀਅਰਾਂ ਦੀ ਟੀਮ ਬਣਾ ਕੇ ਆਪਣੇ ਆਲੇ-ਦੁਆਲੇ ਨਿਗ੍ਹਾ ਰੱਖਣ ਲਈ ਵੀ ਡਿਊਟੀ ਦੀ ਵਿਊਂਤ ਬਣਾਈ। ਪਿੰਡ ਬੌੜਹਾਈ ਕਲਾਂ ਪੰਚਾਇਤ ਸਰਪੰਚ ਹਰਦੀਪ ਸਿੰਘ ਨੇ ਵੀ ਗੁਰਦੁਆਰੇ ’ਚੋਂ ਹਰ ਵਰਗ ਹਰ ਘਰ ਨੂੰ ਦਿੱਲੀ ਜਾਣ ਦੀ ਬੇਨਤੀ ਕੀਤੀ। ਪਿੰਡ ਕੁਲਾਹੜ ਦੇ ਸਰਪੰਚ ਗੁਰਦੀਪ ਸਿੰਘ ਜੋ ਖੁਦ ਨੌਜਵਾਨਾਂ ਨੂੰ ਇੱਕਠੇ ਕਰ ਦਿੱਲੀ ਵਹੀਆ ਘੱਤ ਚੁੱਕੇ ਹਨ ਤੇ ਦਿੱਲੀ ਆਉਣ ਦੀ ਅਪੀਲ ਕਰ ਰਹੇ ਹਨ। ਪਿੰਡ ਝੁਨੇਰ ਦੀ ਪੰਚਾਇਤ ਵੱਲੋਂ ਸਰਪੰਚ ਨਿਰਮਲ ਸਿੰਘ ਤੇ ਕੁਲਵਿੰਦਰ ਬਲਾਕ ਪ੍ਰਧਾਨ ਵੱਲੋਂ ਹਰ ਘਰ ’ਚੋਂ ਇੱਕ ਵਿਅਕਤੀ ਦਿੱਲੀ ਕਿਸਾਨੀ ਸੰਘਰਸ਼ ’ਚ ਜਾਣ ਤੇ ਜੋ ਨਹੀਂ ਜਾ ਸਕਦਾ 2100 ਰੁਪਏ ਦੇਣ ਜਿਸ ਨਾਲ ਸੰਘਰਸ਼ ’ਚ ਹਿੱਸਾ ਪਾਇਆ ਜਾ ਸਕੇ।
ਮੂਨਕ (ਕਰਮਵੀਰ ਸੈਣੀ) ਅੱਜ ਮੂਨਕ ਵਿੱਚ ਟੋਹਾਨਾ ਕੈਂਚੀਆਂ ’ਚ ਮੋਦੀ ਹਕੂਮਤ ਦਾ ਪੁਤਲਾ ਸਾੜਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਜਕਾਰੀ ਬਲਾਕ ਪ੍ਰਧਾਨ ਰਾਮ ਢੀਂਡਸਾ ਨੇ ਦੱਸਿਆ ਕਿ ਭਾਜਪਾ ਹਕੂਮਤ ਵੱਲੋਂ ਪਿਛਲੇ ਦਿਨੀ ਖੇਤੀ ਨੂੰ ਖਤਮ ਕਰਨ ਵਾਸਤੇ ਤਿੰਨ ਕਾਲੇ ਕਾਨੂੰਨ ਬਣਾ ਦਿੱਤੇ ਹਨ। ਸਗੋਂ ਇਸ ਨਾਲ ਦੋ ਬਿੱਲ ਜਿਵੇਂ ਬਿਜਲੀ ਐਕਟ-2020 ਤੇ ਪਰਦੂਸਣ ਸਬੰਧੀ ਬਿੱਲ ਲਿਆ ਕੇ ਮਿਹਨਤੀ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਕਿਸਾਨ ਆਗੂ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ’ਚ ਜੋ ਟਰੈਕਟਰ ਪਰੇਡ ਕੀਤੀ ਗਈ, ਇਸ ਮੌਕੇ ਸਰਕਾਰੀ ਸ਼ਹਿ ’ਤੇ ਗਲਤ ਅਨਸਰਾਂ ਵੱਲੋਂ ਘੁਸਪੈਠ ਕਰਕੇ ਦਿੱਲੀ ਦੇ ਲਾਲ ਕਿਲੇ ’ਤੇ ਝੰਡਾ ਲਹਿਰਾਇਆ ਗਿਆ। ਮੀਟਿੰਗ ’ਚ ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਦਾ ਲਾਲ ਕਿਲੇ ’ਤੇ ਝੰਡਾ ਲਹਿਰਾਉਣ ਦਾ ਕੋਈ ਮੰਤਵ ਨਹੀਂ ਸੀ ਪਰ ਭਾਜਪਾ ਨਾਲ ਸਬੰਧਤ ਦੀਪ ਸਿਧੂ, ਲੱਖਾ ਸਿਧਾਣਾ ਤੇ ਅਜਮੇਰ ਵਰਗਿਆਂ ਨੇ ਪੁਲੀਸ ਨਾਲ ਮਿਲ ਕੇ ਇਹ ਸਭ ਕੁਝ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ 1 ਫਰਵਰੀ ਨੂੰ 11 ਵਜੇ ਖਨੌਰੀ ਬਾਰਡਰ ਤੋਂ ਪੰਜਾਬ ਤਰਫ਼ੋ ਟਰੈਕਟਰ ਟਰਾਲੀਆ ਤੇ ਬੱਸਾਂ ਰਾਹੀਂ ਦਿੱਲੀ ਵੱਲ ਕੂਚ ਕਰਕੇ ਦਿਲੀ ’ਚ ਕਿਸਾਨ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ।
ਰੋਸ ਧਰਨਿਆਂ ਵਿੱਚ ਗੂੰਜਣ ਲੱਗੇ ਦਿੱਲੀ ਚੱਲੋ ਦੇ ਹੋਕੇ
ਸੰਗਰੂਰ (ਗੁਰਦੀਪ ਸਿੰਘ ਲਾਲੀ) ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਇਥੇ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਰੋਸ ਧਰਨਿਆਂ ’ਚ ਕਿਸਾਨ ਸੰਘਰਸ਼ ਨੂੰ ਤਕੜਾ ਹੁਲਾਰਾ ਦੇਣ ਲਈ ਮੁੜ ਦਿੱਲੀ ਕੂਚ ਕਰਨ ਦੇ ਹੋਕੇ ਗੂੰਜ਼ ਰਹੇ ਹਨ। ਕਿਸਾਨ ਆਗੂਆਂ ਵੱਲੋਂ ਪੰਜਾਬ ਦੀ ਖੇਤੀ ਤੇ ਕਿਸਾਨੀ ਨੂੰ ਬਚਾਉਣ ਦਾ ਸੱਦਾ ਦੇ ਕੇ ਲੋਕਾਂ ਨੂੰ ਜਿਥੇ ਦਿੱਲੀ ਸੰਘਰਸ਼ ਲਈ ਲਾਮਬੰਦ ਕੀਤਾ ਜਾ ਰਿਹਾ ਹੈ ਉਥੇ ਪਿੰਡਾਂ ’ਚ ਵੀ ਦਿੱਲੀ ਧਰਨੇ ’ਚ ਸ਼ਾਮਲ ਹੋਣ ਲਈ ਕਿਸਾਨਾਂ ’ਚ ਪੂਰਾ ਜੋਸ਼ ਤੇ ਉਤਸ਼ਾਹ ਹੈ। ਅੱਜ ਪਿੰਡ ਜਲਾਨ ਤੋਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਜਦੋਂਕਿ ਪਿੰਡਾਂ ’ਚ ਇਕੱਠ ਕਰਕੇ ਲੋਕਾਂ ਵੱਲੋਂ ਹਰ ਘਰ ਦੇ ਬੰਦੇ ਨੂੰ ਦਿੱਲੀ ਸੰਘਰਸ਼ ’ਚ ਸ਼ਮੂਲੀਅਤ ਕਰਨ ਦਾ ਪ੍ਰੋਗਰਾਮ ਉਲੀਕਿਆ ਕ ਜਾ ਰਿਹਾ ਹੈ।ਇਥੇ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਨੇੜੇ ਰੋਸ ਧਰਨਾ ਜਾਰੀ ਹੈ ਜਦੋਂਕਿ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਇਥੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ ਤੇ ਖੇੜੀ ’ਚ ਰਿਲਾਇੰਸ ਪੰਪ ਅੱਗੇ ਕਿਸਾਨ ਤੇ ਕਿਸਾਨ ਬੀਬੀਆਂ ਪੱਕੇ ਰੋਸ ਧਰਨੇ ’ਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀਆਂ ਹਨ। ਰੇਲਵੇ ਸਟੇਸ਼ਨ ਨੇੜੇ ਰੋਸ ਧਰਨੇ ਦੇ 123ਵੇਂ ਦਿਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਰੰਜਣ ਸਿੰਘ ਦੋਹਲਾ, ਹਰਮੇਲ ਸਿੰਘ ਮਹਿਰੋਕ, ਰਾਮ ਸਿੰਘ ਸੋਹੀਆਂ, ਰੋਹੀ ਸਿੰਘ ਮੰਗਵਾਲ, ਸਰਬਜੀਤ ਸਿੰਘ ਵੜੈਚ, ਮੋਹਨ ਲਾਲ ਸੁਨਾਮ, ਬਲਵੀਰ ਸਿੰਘ ਉਪਲੀ ਆਦਿ ਨੇ ਸੰਬੋਧਨ ਦੌਰਾਨ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ। ਉਧਰ, ਭਾਕਿਯੂ ਏਕਤਾ ਉਗਰਾਹਾਂ ਦੇ ਰੋਸ ਧਰਨਿਆਂ ’ਚ ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ ਆਦਿ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਮਗਰੋਂ ਪਿੰਡ-ਪਿੰਡ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਲੋਕਾਂ ’ਚ ਵੱਡਾ ਰੋਹ ਹੈ ਤੇ ਪਿੰਡਾਂ ’ਚੋਂ ਕਾਫ਼ਲੇ ਦਿੱਲੀ ਸੰਘਰਸ਼ ਲਈ ਰਵਾਨਾ ਹੋ ਰਹੇ ਹਨ। 1 ਫਰਵਰੀ ਨੂੰ ਵੀ ਖਨੌਰੀ ਬਾਰਡਰ ਤੋਂ ਕਿਸਾਨਾਂ ਦੀ ਕਾਫ਼ਲੇ ਦਿੱਲੀ ਰਵਾਨਾ ਹੋਣਗੇ।