ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਅਗਸਤ
ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ ਪੈਨਸ਼ਨਰਾਂ ਵਲੋਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫੋਰਮ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਸ਼ਹਿਰ ਵਿਚ ‘ਸਰਕਾਰ ਜਗਾਓ-ਪੈਨਸ਼ਨਰ ਬਚਾਓ’ ਦੇ ਨਾਅਰੇ ਹੇਠ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕੀਤੀ ਗਈ। ਰੈਲੀ ਉਪਰੰਤ ਡੀਸੀ ਦਫ਼ਤਰ ਤੋਂ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਮੁੱਖ ਚੌਕ ਤੱਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਵਿਰੁੱਧ ਸਿਆਪਾ ਕੀਤਾ ਗਿਆ। ਰੈਲੀ ਦੀ ਅਗਵਾਈ ਕਰਦਿਆਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੂਬਾ ਕੋਆਰਡੀਨੇਟਰ ਕਰਮ ਸਿੰਘ ਧਨੋਆ, ਕਨਵੀਨਰ ਠਾਕੁਰ ਸਿੰਘ, ਅਵਿਨਾਸ਼ ਚੰਦਰ ਸ਼ਰਮਾ, ਬਖਸ਼ੀਸ਼ ਸਿੰਘ, ਐੱਨਕੇ ਕਲਸੀ, ਪ੍ਰੇਮ ਸਾਗਰ ਸ਼ਰਮਾ, ਸਤਨਾਮ ਸਿੰਘ ਅਤੇ ਦੇਸ਼ ਰਾਜ ਗਾਂਧੀ ਨੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਦੀ ਸਖਤ ਨਿਖੇਧੀ ਕੀਤੀ। ਬੁਲਾਰਿਆਂ ਨੇ ਮੰਗ ਕੀਤੀ ਕਿ ਪੈਨਸ਼ਨ ’ਚ ਸੋਧ ਕੀਤੀ ਜਾਵੇ, ਮਹਿੰਗਾਈ ਭੱਤੇ ਵਿਚ ਵਾਧਾ ਕੀਤਾ ਜਾਵੇ, 1-1-2016 ਤੋਂ 30-6-2021 ਤੱਕ ਬਣਦਾ ਪੈਨਸ਼ਨ ਸੋਧ ਏਰੀਅਰ ਯੱਕਮੁਸ਼ਤ ਦਿੱਤਾ ਜਾਵੇ, ਕੈਸ਼ਲੈਸ ਮੈਡੀਕਲ ਸਹੂਲਤ ਲਾਗੂ ਕੀਤੀ ਜਾਵੇ, ਪੈਡਿੰਗ ਮੈਡੀਕਲ ਬਿਲਾਂ ਦੀ ਅਦਾਇਗੀ ਸਮਾਂਬੱਧ ਕੀਤੀ ਜਾਵੇ ਅਤੇ ਪੈਨਸ਼ਨਰਾਂ ਦੀਆਂ ਸਾਰੀਆਂ ਹੱਕੀ ਤੇ ਜਾਇਜ਼ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਤਿੱਖੇ ਰੂਪ ਵਿਚ ਉਲੀਕਿਆ ਜਾਵੇਗਾ ਅਤੇ ਪੰਜਾਬ ਦੇ ਸਮੁੱਚੇ ਪੈਨਸ਼ਨਰ ਹਰ ਮਹੀਨੇ ਦੀ 26 ਤਾਰੀਖ ਨੂੰ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਸ਼ਹਿਰ ’ਚ ਰੋਸ ਮੁਜ਼ਾਹਰੇ ਲਈ ਮਜ਼ਬੂਰ ਹੋਣਗੇ। ਰੈਲੀ ਨੂੰ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਜਗਦੀਸ਼ ਸ਼ਰਮਾ, ਸੁਰਿੰਦਰ ਰਾਮ ਕੁੱਸਾ, ਕੁਲਵਰਨ ਸਿੰਘ, ਪ੍ਰੇਮ ਅਗਰਵਾਲ, ਸਵਿੰਦਰ ਸਿੰਘ, ਸ਼ਿਵ ਤਿਵਾੜੀ, ਸਮਸ਼ੇਰ ਸਿੰਘ, ਜਵੰਤ ਸਿੰਘ, ਕਰਤਾਰਪਾਲ ਸਿੰਘ, ਸਤੀਸ਼ ਰਾਣਾ, ਆਰ.ਐਲ. ਪਾਂਧੀ, ਚੇਤ ਸਿੰਘ, ਮੱਘਰ ਸਿੰਘ ਸੋਹੀ, ਕੁਲਵੰਤ ਸਿੰਘ ਧੂਰੀ, ਪਿਆਰਾ ਲਾਲ, ਭੁਪਿੰਦਰ ਸਿੰਘ ਜੱਸੀ, ਦਰਸ਼ਨ ਸਿੰਘ ਨੌਰਥ, ਬਿੱਕਰ ਸਿੰਘ ਸਬਿੀਆ, ਜਰਨੈਲ ਸਿੰਘ, ਅਰਜਨ ਸਿੰਘ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਸੂਬਾਈ ਕਨਵੀਨਰ ਠਾਕੁਰ ਸਿੰਘ ਨੇ ਕੀਤਾ। ਆਖ਼ੀਰ ਉਪ ਮੰਡਲ ਮੈਜਿਸਟ੍ਰੇਟ ਵਲੋਂ ਰੈਲੀ ’ਚ ਪੁੱਜ ਕੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਮੁੱਖ ਸਕੱਤਰ ਦੇ ਨਾਂ ’ਤੇ ਫਰੰਟ ਆਗੂਆਂ ਤੋਂ ਮੰਗ ਪੱਤਰ ਵਸੂਲ ਕੀਤਾ।