ਬੀਰਬਲ ਰਿਸ਼ੀ
ਸ਼ੇਰਪੁਰ, 9 ਜਨਵਰੀ
ਕਸਬਾ ਸ਼ੇਰਪੁਰ ਤੇ ਇਸ ਥਾਣੇ ਦੀ ਹਦੂਦ ਦੇ ਪਿੰਡਾਂ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਬੀਤੀ ਕੱਲ੍ਹ ਤੋਂ ਪਿੰਡ ਦੀਦਾਰਗੜ, ਹੇੜੀਕੇ, ਸਲੇਮਪੁਰ ਅਤੇ ਖੇੜੀ ਖੁਰਦ ਵਿੱਚ ਚੋਰੀਆਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਸ਼ੇਰਪੁਰ ਤੇ ਨਾਲ ਲੱਗਦੇ ਪਿੰਡਾਂ, ਸਰਕਾਰੀ ਗੁਦਾਮਾਂ, ਸਰਕਾਰੀ ਸਕੂਲਾਂ ਅਤੇ ਖੇਤਾਂ ’ਚ ਟਰਾਂਸਫਾਰਮਰਾਂ ਦੀਆਂ ਚੋਰੀਆਂ ਦੇ ਕਈ ਮਾਮਲੇ ਕਿਸੇ ਤਣ-ਪੱਤਣ ਨਹੀਂ ਲੱਗੇ। ਜਾਣਕਾਰੀ ਅਨੁਸਾਰ ਪਿੰਡ ਦੀਦਾਰਗੜ੍ਹ ਤੋਂ ਚੋਰਾਂ ਨੇ ਟਰੱਕ ਨੰਬਰ ਐੱਚਪੀ 69- 0738 ਚੋਰੀ ਕਰ ਲਿਆ ਹੈ।ਪਿੰਡ ਹੇੜੀਕੇ ਦੀ ਕੋਆਪਰੇਟਿਵ ਸੁਸਾਇਟੀ ਦਾ ਚੋਰਾਂ ਨੇ ਦੋ ਦਿਨ ਪਹਿਲਾਂ ਮੀਟਰ ਲਾਹ ਲਿਆ ਜਿਸ ਮਗਰੋਂ ਜਦੋਂ ਅਗਲੀ ਰਾਤ ਮੁਸਤੈਦੀ ਵਰਤਦਿਆਂ ਨਿਗਾਹ ਰੱਖੀ ਜਿਸ ਕਰਕੇ ਜਿੰਦਾ ਭੰਨਣ ਮਗਰੋਂ ਚੋਰ ਭੱਜ ਨਿੱਕਲੇ। ਪਿੰਡ ਸਲੇਮਪੁਰ ਦੀ ਕੋਆਪਰੇਟਿਵ ਸੁਸਾਇਟੀ ਦਾ ਬੀਤੀ ਰਾਤ ਚੋਰਾਂ ਨੇ ਜਿੰਦਾ ਭੰਨ ਲਿਆ।ਪਿੰਡ ਖੇੜੀ ਖੁਰਦ ’ਚ ਗੁਰੂ ਰਵੀਦਾਸ ਭਗਤ ਦੇ ਗੁਰਦੁਆਰੇ ਦਾ ਜਿੰਦਾ ਤੋੜਕੇ ਗੋਲਕ ਵਿੱਚੋਂ ਚੋਰੀ ਕੀਤੇ ਜਾਣ ਦੀ ਵੀ ਥਾਣੇ ਦਰਖਾਸਤ ਆਈ ਹੈ। ਰਿਪੋਰਟ ਲਿਖਾਉਣ ਆਏ ਇੱਕ ਵਿਅਕਤੀ ਨੇ ਮੀਡੀਆ ਕੋਲ ਦਾਅਵਾ ਕੀਤਾ ਕਿ ਉਨ੍ਹਾਂ ਸਬੰਧਤ ਥਾਣੇਦਾਰ ਉਨ੍ਹਾਂ ਇਹ ਕਹਿਕੇ ਟਾਲਦਾ ਰਿਹਾ ਕਿ ਚੋਰੀ ਦਾ ਪਰਚਾ ਕਰਵਾਕੇ ਸਮੱਸਿਆ ਉਨ੍ਹਾਂ ਨੂੰ ਹੀ ਆਵੇਗੀ। ਹੇੜੀਕੇ ਦੇ ਕਾਂਗਰਸੀ ਆਗੂ ਅਵਤਾਰ ਸਿੰਘ ਨੇ ਕਿਹਾ ਕਿ ਪਹਿਲਾਂ ਸਕੂਲ ’ਚ ਹੋਈ ਚੋਰੀ ਦੀ ਲਿਖ਼ਤੀ ਦਰਖਾਸਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ।
ਕੋਈ ਬਿਆਨ ਦੇਣ ਲਈ ਤਿਆਰ ਨਹੀਂ: ਐੱਸਐੱਚਓ
ਐੱਸਐੱਚਓ ਸ਼ੇਰਪੁਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਚੋਰੀ-ਚੋਰੀ ਸਾਰੇ ਕਹਿ ਰਹੇ ਨੇ ਪਰ ਬਿਆਨ ਕੋਈ ਨਹੀਂ ਲਿਖਵਾ ਰਿਹਾ ਉਂਜ ਵੀ ਜਿੰਦੇ ਹੀ ਟੁੱਟੇ ਨੇ ਚੋਰੀ ਨਹੀਂ ਹੋਈ ਅਤੇ ਚੋਰੀ ਤੋਂ ਬਚਾਅ ਹੋ ਗਿਆ ਹੈ। ਟਰੱਕ ਚੋਰੀ ਦਾ ਮਾਮਲਾ ਗਵਾਂਢੀਆਂ ਦਾ ਆਪਸੀ ਹੈ ਜਿਸਦੀ ਪੜਤਾਲ ਕਰ ਰਹੇ ਹਾਂ ਅਤੇ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।