ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 16 ਜੂਨ
ਪਿੰਡ ਬਹਾਦਰਪੁਰ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਜਿਉਂ ਹੀ ਹਲਕਾ ਵਿਧਾਇਕ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਪਹੁੰਚੇ ਤਾਂ ਪਿੰਡ ਦੇ ਰਾਮਦਾਸੀਆ ਪੱਤੀ ਦੇ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਮਜ਼ਦੂਰਾਂ ਵੱਲੋਂ ਆਪਣੀ ਮਜ਼ਦੂਰੀ ਸਬੰਧੀ ਸਵਾਲ ਜਵਾਬ ਕੀਤੇ ਗਏ। ਚੋਣ ਜਲਸੇ ਵਿਚ ਜਾਣ ਤੋਂ ਪੁਲੀਸ ਵੱਲੋਂ ਰੋਕਣ ਦੇ ਰੋਸ ਵਜੋਂ ਇਨ੍ਹਾਂ ਮਜ਼ਦੂਰਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਨਾਅਰੇਬਾਜ਼ੀ ਹੁੰਦੀ ਦੇਖਦੇ ਹੋਏ ਹਲਕੇ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਅਤੇ ਵਿਧਾਇਕ ਅਮਨ ਅਰੋੜਾ ਤੋਂ ਇਲਾਵਾ ਨਾਲ ਪਹੁੰਚੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਥੋਂ ਜਲਦੀ ਨਾਲ ਪੁਲੀਸ ਫੋਰਸ ਨਾਲ ਖਿਸਕ ਜਾਣਾ ਹੀ ਮੁਨਾਸਬਿ ਸਮਝਿਆ। ਇਸ ਮੌਕੇ ਮਜ਼ਦੂਰ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਬਹਾਦਰਪੁਰ, ਹਰਪ੍ਰੀਤ ਸਿੰਘ, ਗੁਰੀ ਸਿੰਘ, ਸੋਨੀ ਸਿੰਘ ਅਤੇ ਵੱਡੀ ਗਿਣਤੀ ਵਿਚ ਔਰਤਾਂ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਅਰੋੜਾ ਨੂੰ ਵੱਡੀ ਗਿਣਤੀ ’ਚ ਵੋਟਾਂ ਪਾ ਕੇ ਜਿਤਾ ਕੇ ਭੇਜਿਆ ਗਿਆ ਸੀ, ਤਾਂ ਉਸ ਸਮੇਂ ਉਨ੍ਹਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। ਪਰ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਔਰਤਾਂ ਦੀ ਮਜ਼ਦੂਰੀ ਸੱਤ ਸੌ ਰੁਪਏ ਅਤੇ ਮਿਸਤਰੀ ਦੀ ਮਜ਼ਦੂਰੀ ਇਕ ਹਜ਼ਾਰ ਰੁਪਏ ਕੀਤੀ ਜਾਵੇ। ਇਸ ਤੋਂ ਇਲਾਵਾ ਝੋਨੇ ਦੀ ਲਵਾਈ ਇਕ ਹਜ਼ਾਰ ਰੁਪਏ ਵਿੱਘਾ ਕੀਤੀ ਜਾਵੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਕਿਸੇ ਵੀ ਸਰਕਾਰਾਂ ਨੇ ਤੁਹਾਡੇ ਮੁੱਦਿਆਂ ਬਾਰੇ ਗੱਲ ਕੀਤੀ ਸੀ ਤਾਂ ਉੱਥੇ ਬੈਠੇ ਮਜ਼ਦੂਰਾਂ ਨੇ ਕਿਹਾ ਕਿ ਪਹਿਲਾਂ ਵੀ ਕਿਸੇ ਨੇ ਨਹੀਂ ਕੀਤੀ ਅਤੇ ਹੁਣ ਵੀ ਕਿਸੇ ਨੇ ਨਹੀਂ ਕੀਤੀ। ਇਹ ਗੱਲ ਨੂੰ ਦੇਖਦਿਆਂ ਰੌਲਾ ਪੈ ਗਿਆ ਅਤੇ ਵੱਡੀ ਗਿਣਤੀ ਵਿਚ ਮਜ਼ਦੂਰ ਅਤੇ ਔਰਤਾਂ ਵੱਲੋਂ ਜਿੱਥੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ, ਉਥੇ ਹਲਕੇ ਦੇ ਵਿਧਾਇਕ ਖਿਲਾਫ ਵੀ ਮੁਰਦਾਬਾਦ ਦੇ ਨਾਅਰੇ ਲਾਏ ਗਏ।