ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 20 ਸਤੰਬਰ
ਡੈਮੋਕ੍ਰੈਟਿਕ ਮਨਰੇਗਾ ਫਰੰਟ (ਡੀਐੱਮਐੱਫ) ਪੰਜਾਬ ਵੱਲੋਂ 8 ਅਕਤੂਬਰ 2022 ਨੂੰ ਅਨਾਜ ਮੰਡੀ ਸੰਗਰੂਰ ਵਿੱਚ ਕੀਤੀ ਜਾਣ ਵਾਲੀ ਸੂਬਾ ਪੱਧਰੀ ਵਿਸ਼ਾਲ ਕਾਨਫਰੰਸ ਦੀ ਤਿਆਰੀ ਸਬੰਧੀ ਬਲਾਕ ਸੰਗਰੂਰ ਦੇ ਪਿੰਡਾਂ ਬਹਾਦਰਪੁਰ, ਲਿੱਦੜਾਂ, ਚੰਗਾਲ, ਖਿੱਲਰੀਆਂ, ਬੰਗਾਵਾਲੀ, ਦੇਹਕਲਾਂ ਤੇ ਅਕੋਈ ਸਾਹਿਬ ’ਚ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੁਲਵਿੰਦਰ ਕੌਰ ਬਹਾਦਰਪੁਰ, ਕਿਰਨਾ ਕੌਰ ਲਿੱਦੜਾਂ, ਰਣਜੀਤ ਕੌਰ ਖਿੱਲਰੀਆਂ, ਰਾਣੀ ਕੌਰ ਚੰਗਾਲ, ਦਰਸ਼ਨ ਸਿੰਘ, ਚਰਨਜੀਤ ਕੌਰ, ਕਰਮਜੀਤ ਕੌਰਡ ਆਦਿ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ’ਚ ਲਿਖਤੀ ਤੌਰ ’ਤੇ ਕੰਮ ਮੰਗਣ ਦੇ ਬਾਵਜੂਦ ਕੰਮ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 17 ਸਾਲ ਪਹਿਲਾਂ ਮਗਨਰੇਗਾ ਕਾਨੂੰਨ ਤਹਿਤ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੇਣ ਦਾ ਕਾਨੂੰਨ ਬਣਾਇਆ ਤੇ 2013 ’ਚ 5 ਏਕੜ ਤੱਕ ਦੇ ਕਿਸਾਨਾਂ ਨੂੰ ਵੀ ਅਪਣੇ ਖੇਤ ’ਚ ਕੰਮ ਕਰਕੇ ਮਗਨਰੇਗਾ ਤਹਿਤ ਰੁਜ਼ਗਾਰ ਹਾਸਲ ਕਰਨ ਲਈ ਕਾਨੂੰਨ ਵਿੱਚ ਵਾਧਾ ਦਰਜ ਕੀਤਾ ਗਿਆ ਪਰ ਆਮ ਤੌਰ ’ਤੇ ਸਾਲ ’ਚ 100 ਦਿਨ ਦਾ ਰੁਜ਼ਗਾਰ ਕਿਤੇ ਵੀ ਹਾਸਲ ਨਹੀਂ ਹੋਇਆ। ਜਿਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਤੇ ਕੀਤੇ ਕੰਮ ਦੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ।
ਉਨ੍ਹਾਂ ਕਿਹਾ ਕਿ ਮਗਨਰੇਗਾ ਨੂੰ ਕਾਨੂੰਨ ਦੀ ਭਾਵਨਾ ਅਨੁਸਾਰ ਚਲਾਉਣ ਲਈ ਗਰਾਮ ਸਭਾ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ।