ਬੀਰਬਲ ਰਿਸ਼ੀ
ਸ਼ੇਰਪੁਰ, 30 ਜੁਲਾਈ
ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੀ ਸੂਬਾ ਜੁਆਇੰਟ ਸਕੱਤਰ ਕਾਮਰੇਡ ਪਰਮਜੀਤ ਕੌਰ ਗੁੰਮਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਮਜ਼ਦੂਰ ਔਰਤਾਂ ਨੇ ਸ਼ੇਰਪੁਰ ਦੇ ਬਾਜ਼ਾਰਾਂ ਵਿੱਚ ਰੋਹ ਭਰਪੂਰ ਮੁਜ਼ਾਹਰਾ ਕਰਦਿਆਂ ਬੀਡੀਪੀਓ ਦਫ਼ਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਨੇ ਪਿੰਡ ਰੂੜਗੜ੍ਹ ਦੀ ਸਰਪੰਚ ਪਰਮਜੀਤ ਕੌਰ ’ਤੇ ਚਹੇਤਿਆਂ ਦੀਆਂ ਮਨਰੇਗਾ ਮਜ਼ਦੂਰਾਂ ਵਿੱਚ ਫਰਜ਼ੀ ਹਾਜ਼ਰੀਆਂ ਪਾਏ ਜਾਣ, ਕਈ ਮਜ਼ਦੂਰਾਂ ਨੂੰ ਮਿਹਨਤਾਨਾ ਦੇਣ ਮੌਕੇ ਖੱਜਲ ਕਰਨ ਅਤੇ ਪਿੰਡ ਦੀਆਂ ਗ੍ਰਾਂਟਾਂ ਵਿੱਚ ਕਥਿਤ ਘਪਲੇਬਾਜ਼ੀਆਂ ਦੇ ਗੰਭੀਰ ਦੋਸ਼ ਲਾਉਂਦਿਆਂ ਮਾਮਲੇ ਦੀ ਵਿਜੀਲੈਂਸ ਜਾਂਚ ਮੰਗ ਉਠਾਈ।
ਮਨਰੇਗਾ ਆਗੂ ਪਰਮਜੀਤ ਕੌਰ ਗੁੰਮਟੀ ਦੇ ਪਿੰਡ ਰੂੜਗੜ੍ਹ ਵਿੱਚ ਆਪਣੀ ਜਥੇਬੰਦੀ ਦੀ ਇਕਾਈ ਕਾਇਮ ਕਰਨ ਮਗਰੋਂ ਪਿਛਲੇ ਦਿਨੀਂ ਸ਼ੇਰਪੁਰ ਵਿੱਚ ਹੀ ਇੱਕ ਮਜ਼ਦੂਰ ਧਰਨੇ ਦੌਰਾਨ ਸਰਪੰਚ ਪਰਮਜੀਤ ਕੌਰ ਰੂੜਗੜ੍ਹ ਵਿਰੁੱਧ ਕੀਤੀਆਂ ਟਿੱਪਣੀਆਂ ਮਗਰੋਂ ਮਾਮਲਾ ਭਖ਼ ਗਿਆ ਸੀ। ਆਂਗਣਵਾੜੀ ਯੂਨੀਅਨ ਦੀ ਬਲਾਕ ਆਗੂ ਪਰਮਜੀਤ ਕੌਰ ਖੇੜੀ ਨੇ ਇਲਾਕੇ ਦੇ ਸਰਪੰਚਾਂ ਨਾਲ ਮਿਲ ਕੇ ਆਪਣੀ ਨਾਮਾਂਰਾਸ਼ੀ ਮਹਿਲਾ ਸਰਪੰਚ ਪਰਮਜੀਤ ਕੌਰ ਰੂੜਗੜ੍ਹ ਦੇ ਹੱਕ ਵਿੱਚ ਉੱਤਰਦਿਆਂ ਐੱਸਐੱਸਓ ਸ਼ੇਰਪੁਰ ਅਮਰੀਕ ਸਿੰਘ ਨੂੰ ਮੰਗ ਪੱਤਰ ਦੇ ਕੇ ਸੀਟੂ ਆਗੂ ਬੀਬੀ ਗੁੰਮਟੀ ਵਿਰੁੱਧ ਕਾਰਵਾਈ ਦੀ ਮੰਗੀ ਸੀ। ਇੱਕੋ ਨਾਮ ਦੀਆਂ ਤਿੰਨੇ ਮਹਿਲਾਂ ਆਗੂ ਬੀਬੀਆਂ ਦੀ ਸ਼ਬਦੀ ਜੰਗ ਸ਼ੇਰਪੁਰ ਦੀਆਂ ਸੜਕਾਂ ਤੱਕ ਪੁੱਜ ਗਈ।
ਧਰਨੇ ਨੂੰ ਸੀਟੂ ਪੰਜਾਬ ਦੇ ਸਕੱਤਰ ਕਾਮਰੇਡ ਦੇਵਰਾਜ ਵਰਮਾ, ਜ਼ਿਲ੍ਹਾ ਪ੍ਰਧਾਨ ਮਾਸਟਰ ਸਰਬਜੀਤ ਸਿੰਘ, ਆਰਐਮਪੀਆਈ ਆਗੂ ਊਧਮ ਸਿੰਘ ਸੰਤੋਖਪੁਰਾ, ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ, ਮਿਡ-ਡੇਅ ਮੀਲ ਯੂਨੀਅਨ ਆਗੂ ਜਸਮੇਲ ਕੌਰ, ਕਿਸਾਨ ਆਗੂ ਜੰਗ ਸਿੰਘ ਸਾਜਿਦ ਅਤੇ ਮਜ਼ਦੂਰ ਸਭਾ ਦੇ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਨੇ ਸੰਬੋਧਨ ਕੀਤਾ। ਬੀਡੀਪੀਓ ਜੁਗਰਾਜ ਸਿੰਘ ਨੇ ਕਿਹਾ ਕਿ ਜੇ ਕੋਈ ਲਿਖਤੀ ਸ਼ਿਕਾਇਤ ਆਈ ਤਾਂ ਰੂੜਗੜ੍ਹ ਮਾਮਲੇ ਦੀ ਪੜਤਾਲ ਕਰਵਾਈ ਕੀਤੀ ਜਾਵੇਗੀ।
ਜਾਂਚ ਲਈ ਤਿਆਰ: ਸਰਪੰਚ
ਪਿੰਡ ਰੂੜਗੜ੍ਹ ਦੀ ਸਰਪੰਚ ਬੀਬੀ ਪਰਮਜੀਤ ਕੌਰ ਨੇ ਮਗਨਰੇਗਾ ਯੂਨੀਅਨ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਕਿ ਉਹ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੀਆਂ ਹਾਜ਼ਰੀਆਂ ਤੇ ਗ੍ਰਾਂਟਾਂ ਦੀ ਜਾਂਚ ਕਰਵਾ ਲੈਣ ਅਤੇ ਜਿਹੜੇ ਮਜ਼ਦੂਰਾਂ ਦੀ ਬਕਾਇਆ ਰਕਮ ਖੜ੍ਹੀ ਹੈ, ਉਸ ਲਈ ਬੀਡੀਪੀਓ ਦਫ਼ਤਰ ਦੱਸ ਸਕਦਾ ਹੈ।