ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਅਪਰੈਲ
ਚੰਡੀਗੜ੍ਹ ਤੋਂ ਪੁੱਜੀ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੇ ਨਾਮਦੇਵ ਚੌਕ ਤੋਂ ਹਰੀਪੁਰਾ ਰੋਡ ਤੱਕ ਨਵੀਆਂ ਬਣੀਆਂ ਇਮਾਰਤਾਂ ਅਤੇ ਉਸਾਰੀ ਅਧੀਨ ਇਮਾਰਤਾਂ ਦੀ ਚੈਕਿੰਗ ਕੀਤੀ ਗਈ। ਵਿਜੀਲੈਂਸ ਟੀਮ ਨੇ ਸਥਾਨਕ ਨਗਰ ਕੌਂਸਲ ਦੇ ਈ.ਓ. ਮੋਹਿਤ ਸ਼ਰਮਾ ਸਮੇਤ ਕਈ ਇਮਾਰਤਾਂ ਸਬੰਧੀ ਰਿਕਾਰਡ ਚੈੱਕ ਕੀਤਾ ਅਤੇ ਨਗਰ ਕੌਂਸਲ ਤੋਂ ਇਮਾਰਤਾਂ ਸਬੰਧੀ ਰਿਕਾਰਡ ਦੀ ਪੜਤਾਲ ਕੀਤੀ ਗਈ।
ਵਿਜੀਲੈਂਸ ਟੀਮ ਦੀ ਅਗਵਾਈ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤ ਮਿਲੀ ਸੀ ਜਿਸ ਦੇ ਆਧਾਰ ’ਤੇ ਚੈਕਿੰਗ ਕਰਨ ਲਈ ਟੀਮ ਸੰਗਰੂਰ ਪੁੱਜੀ ਅਤੇ ਸ਼ਿਕਾਇਤ ਦੇ ਆਧਾਰ ’ਤੇ ਇਮਾਰਤਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਪੜਤਾਲ ਤੋਂ ਬਾਅਦ ਰਿਪੋਰਟ ਉਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਸ਼ਿਕਾਇਤ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਮਾਰਤਾਂ ਦੀ ਉਸਾਰੀ ਨਕਸ਼ੇ ਅਨੁਸਾਰ ਨਾ ਹੋਣ ਦੀ ਸੰਭਾਵਨਾ ਹੈ ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕਿਸੇ ਵੀ ਤਰਾਂ ਨਿਯਮਾਂ ਦੀ ਉਲੰਘਣਾ ਪਾਈ ਗਈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।