ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਅਗਸਤ
ਕੇਂਦਰੀ ਸਿਹਤ ਰਾਜ ਮੰਤਰੀ ਮਨਸੁਖ ਮਾਂਡਵੀਆ ਇਥੋਂ ਨੇੜਲੇ ਪਿੰਡ ਫਤਹਿਗੜ੍ਹ ਛੰਨਾਂ ਵਿੱਚ ਇੱਕ ਦਲਿਤ ਪਰਿਵਾਰ ਦੇ ਘਰ ਪੁੱਜੇ ਤੇ ਉਥੇ ਸਾਦਾ ਖਾਣਾ ਖਾਧਾ। ਮਾਂਡਵੀਆ ਨਾਲ ਭਾਜਪਾ ਦੇ ਸੀਨੀਅਰ ਆਗੂ ਵੀ ਮੌਜੂਦ ਸਨ। ਕੇਂਦਰੀ ਮੰਤਰੀ ਪਿੰਡ ਫਤਹਿਗੜ੍ਹ ਛੰਨਾਂ ਦੇ ਗਰੀਬ ਦਲਿਤ ਪਰਿਵਾਰ ਨਾਲ ਸਬੰਧਤ ਪਰਗਟ ਸਿੰਘ ਦੇ ਘਰ ਪੁੱਜੇ ਸਨ। ਇਸ ਸਬੰਧੀ ਪਰਗਟ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਲਈ ਕੋਈ ਵਿਸ਼ੇਸ਼ ਪਕਵਾਨ ਨਹੀਂ ਬਣਾਇਆ ਗਿਆ ਸੀ। ਉਸ ਨੇ ਕਿਹਾ ਕਿ ਪਿੰਡ ਵਿਚ ਉਸ ਦਾ ਛੋਟਾ ਜਿਹਾ ਘਰ ਹੈ ਅਤੇ ਉਹ ਪਿੰਡ ਵਿਚ ਇੱਕ ਛੋਟੀ ਜਿਹੀ ਪ੍ਰਚੂਨ ਦੀ ਦੁਕਾਨ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੇ ਵੱਡੇ ਵਜੀਰ ਦਾ ਗਰੀਬ ਦਲਿਤ ਪਰਿਵਾਰ ਦੇ ਘਰ ਪੁੱਜ ਕੇ ਭੋਜਨ ਖਾਣਾ, ਉਸ ਦੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਉੱਪਰ ਚੁਕਣ ਲਈ ਵਚਨਬੱਧ ਹੈ।