ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾ, 9 ਮਈ
ਪਿੰਡ ਕੁੱਪ ਖੁਰਦ ਦੇ ਵਾਸੀਆਂ ਨੇ ਇਕੱਠੇ ਹੋ ਕੇ ਆਪਣੇ ਘਰਾਂ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਾਈ ਵੋਲਟੇਜ ਬਿਜਲੀ ਦੀਆਂ ਤਾਰ੍ਹਾਂ ਉਨ੍ਹਾਂ ਦੇ ਘਰਾਂ ਨਾਲ ਖਹਿ ਕੇ ਲੰਘਦੀਆਂ ਹਨ, ਜਿਸ ਕਰਕੇ ਕਈ ਵਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਰੰਟ ਵੀ ਲੱਗ ਚੁੱਕਿਆ ਹੈ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਉਹ ਆਪਣੇ ਘਰਾਂ ਦੀਆਂ ਢਹਿ ਚੁੱਕੀਆਂ ਛੱਤਾਂ ਅਤੇ ਚੁਬਾਰਾ ਪਾਉਣ ਤੋਂ ਵੀ ਅਸਮਰੱਥ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਤਾਰਾਂ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਅਤੇ ਟਰਾਂਸਫਾਰਮਰ ਦੀ ਜਗ੍ਹਾ ਬਦਲੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਪਾਵਰਕੌਮ ਨੂੰ ਬਣਦੇ ਪੈਸੇ ਵੀ ਭਰੇ ਜਾ ਚੁੱਕੇ ਹਨ।
ਪਿੰਡ ਦੀ ਦੂਜੀ ਧਿਰ ਮਾਸਟਰ ਹਰਦੀਪ ਸਿੰਘ ਨੇ ਆਖਿਆ ਕਿ ਬਿਨਾਂ ਸ਼ੱਕ ਕਈ ਘਰਾਂ ਉਪਰੋਂ ਜਾ ਰਹੀਆਂ ਬਿਜਲੀ ਦੀਆਂ ਤਾਰਾਂ ਹਟਾਈਆਂ ਜਾਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਸ ਜਗ੍ਹਾ ’ਤੇ ਬਿਜਲੀ ਦੇ ਨਵੇਂ ਟਰਾਂਸਫਾਰਮਰ ਨੂੰ ਲਗਾਇਆ ਜਾ ਰਿਹਾ ਹੈ, ਉਥੇ ਥਾਂ ਤੰਗ ਹੋਣ ਕਾਰਨ ਉਨ੍ਹਾਂ ਦੇ ਬੱਚਿਆਂ ਅਤੇ ਰਾਹਗੀਰਾਂ ਨੂੰ ਵੱਡੀ ਸਮੱਸਿਆ ਆਵੇਗੀ। ਇਸ ਲਈ ਅਸੀਂ ਇਸ ਜਗ੍ਹਾ ’ਤੇ ਉਹ ਟਰਾਂਸਫਾਰਮਰ ਨਹੀਂ ਲੱਗਣ ਦੇਣਗੇ। ਬਿਜਲੀ ਵਿਭਾਗ ਇਸ ਲਈ ਪਿੰਡ ਤੋਂ ਬਾਹਰ ਢੁੱਕਵੀਂ ਜਗ੍ਹਾ ਦਾ ਹੱਲ ਕਰੇ। ਇਸ ਮੌਕੇ ਸਰਬਜੀਤ ਸਿੰਘ, ਜਸਮੇਲ ਸਿੰਘ, ਪਿਰਥੀ ਸਿੰਘ ਫੌਜੀ, ਬੀਰਬਲ ਸਿੰਘ, ਸੁਰਜੀਤ ਸਿੰਘ ਡਿੰਪਲ ਸਿੰਘ ਹਾਜ਼ਰ ਸਨ।
ਦੋਵੇਂ ਧਿਰਾਂ ਦੀ ਸਹਿਮਤੀ ਨਾਲ ਢੁੱਕਵੀਂ ਥਾਂ ਮਿਲਣ ’ਤੇ ਟਰਾਂਸਫਾਰਮਰ ਰੱਖਿਆ ਜਾਵੇਗਾ: ਐੱਸਡੀਓ
ਇਸ ਸਬੰਧੀ ਬਿਜਲੀ ਵਿਭਾਗ ਦੇ ਐੱਸਡੀਓ ਕੰਵਰਵੀਰ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਦੀ ਸਹਿਮਤੀ ਨਾਲ, ਜਿੱਥੇ ਉਹ ਢੁੱਕਵੀਂ ਥਾਂ ਦੇਣਗੇ ਟਰਾਂਸਫਾਰਮਰ ਰੱਖਿਆ ਜਾਵੇਗਾ। ਫਿਲਹਾਲ ਦੋਵਾਂ ਧਿਰਾਂ ਦੇ ਵਿਚਕਾਰ ਰੇੜਕਾ ਜਾਰੀ ਹੈ।