ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਅਕਤੂਬਰ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦਾ ਦੋ ਦਿਨਾਂ ਸੂਬਾ ਪੱਧਰੀ ਇਜਲਾਸ ਨੇੜਲੇ ਪਿੰਡ ਉਪਲੀ ਵਿੱਚ ਸ਼ੁਰੂ ਹੋਇਆ। ਪਹਿਲੇ ਦਿਨ ਇਜਲਾਸ ਦੀ ਸ਼ੁਰੂਆਤ ਜਥੇਬੰਦੀ ਦੀ ਸਮੁੱਚੀ ਸੂਬਾ ਕਮੇਟੀ ਵੱਲੋਂ ਝੰਡਾ ਰਸਮ ਅਦਾ ਕਰਦਿਆਂ ਜ਼ੋਰਦਾਰ ਨਾਅਰਿਆਂ ਨਾਲ ਕੀਤੀ ਗਈ। ਇਜਲਾਸ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਪ੍ਰਧਾਨਗੀ ਮੰਡਲ ’ਚ ਗਿੰਦਰ ਰੋਡੇ, ਸੁਖਪਾਲ ਖਿਆਲੀਵਾਲਾ, ਹੀਨਾ ਰਾਣੀ, ਕਰਮਜੀਤ ਕੌਰ ਅਤੇ ਦਰਸ਼ਨ ਟਾਹਲੀਆਂ ਸ਼ਾਮਲ ਸਨ। ਇਜਲਾਸ ਦੇ ਹਾਲ ਦਾ ਨਾਮ ‘ਜ਼ਮੀਨ ਹੱਲਵਾਹਕ ਦੀ’ ਦੇ ਨਾਅਰੇ ਨੂੰ ਅਮਲੀਜਾਮਾ ਪਹਿਨਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਰਬੰਸ ਵਾਰਨ ਵਾਲੇ ਬਾਬਾ ਜੀਵਨ ਸਿੰਘ ਦੇ ਨਾਮ ’ਤੇ ਰੱਖਿਆ ਗਿਆ। ਇਜਲਾਸ ਵਿੱਚ ਉੱਘੇ ਵਿਦਵਾਨ ਪ੍ਰੋ. ਗਿਆਨ ਸਿੰਘ ਵੱਲੋਂ ਉਦਘਾਟਨੀ ਭਾਸ਼ਣ ਦਿੱਤਾ ਗਿਆ। ਇਸ ਉਪਰੰਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਐਲਾਨਨਾਮਾ ਪੜ੍ਹ ਕੇ ਸੁਣਾਇਆ। ਜਥੇਬੰਦੀ ਦੇ ਐਲਾਨਨਾਮੇ ਤਹਿਤ ਪੈਦਾਵਾਰੀ ਤਾਕਤਾਂ ਦੇ ਮੁਕਤ ਤੇ ਆਜ਼ਾਦ ਵਿਕਾਸ ਲਈ ਜ਼ਮੀਨ ਦੇ ਬੁਨਿਆਦੀ ਸਵਾਲਾਂ ਨੂੰ ਹੱਲ ਕਰਨਾ ਸਭ ਤੋਂ ਪਹਿਲਾ ਮਸਲਾ ਹੈ। ਇਸ ਮੌਕੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ ’ਤੇ ਸਾਂਝੇ ਤੌਰ ’ਤੇ ਲੈਣ, ਲਾਲ ਲਕੀਰ ਦੇ ਅੰਦਰ ਰਹਿੰਦੇ ਲੋੜਵੰਦਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣ, ਫੌਰੀ ਰਜਿਸਟਰੀਆਂ ਕਰਵਾਉਣ, ਖ਼ੁਦਕੁਸ਼ੀ ਪੀੜਤ ਪਰਿਵਾਰਾਂ ਲਈ ਉਚਿਤ ਮੁਆਵਜ਼ਾ ਆਦਿ ਮੰਗਾਂ ਦੀ ਪ੍ਰਾਪਤੀ ਲਈ ਤਿੱਖਾ ਸੰਘਰਸ਼ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਉਪਰੰਤ ਵਿਧਾਨ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਆਗੂ ਗਿੰਦਰ ਰੋਡੇ ਵੱਲੋਂ ਪੇਸ਼ ਕੀਤਾ ਗਿਆ। ਐਲਾਨਨਾਮਾ ਅਤੇ ਵਿਧਾਨ ਦੇ ਖਰੜੇ ਨੂੰ ਸੂਬਾਈ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਸੂਬਾ ਸਕੱਤਰ ਧਰਮਪਾਲ ਸਿੰਘ ਨੇ ਜਥੇਬੰਦੀ ਦੀ ਗਿਆਰਾਂ ਸਾਲਾਂ ਦੀ ਰਿਪੋਰਟ ਪੇਸ਼ ਕੀਤੀ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਬਲਜੀਤ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਪੱਲੇਦਾਰ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਕਰਮ ਦਿਓਲ ਅਤੇ ਸੂਬਾ ਸਕੱਤਰ ਰਾਮਪਾਲ ਮਾਣਕ ਪਹੁੰਚੇ ਹੋਏ ਸਨ। ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਦੀ ਅਗਵਾਈ ਹੇਠ ਵਰਕਰ ਵੀ ਸ਼ਾਮਲ ਹੋਏ।