ਮੁਕੰਦ ਸਿੰਘ ਚੀਮਾ
ਸੰਦੌੜ, 22 ਅਗਸਤ
ਕਸਬਾ ਸੰਦੌੜ ਵਿੱਚ ‘ਦਿ ਸੰਗਰੂਰ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਟਿਡ ਦੇ ਕੰਮ-ਕਾਜ ਕਰਨ ਦੇ ਤਰੀਕੇ ਤੋਂ ਅੱਕੇ ਸਭਾਵਾਂ ਦੇ ਸਕੱਤਰਾਂ ਅਤੇ ਲੋਕਾਂ ਵੱਲੋਂ ਦਿੱਤੇ ਗਏ ਧਰਨੇ ਨਾਲ ਸਬੰਧਤ ਮਾਮਲਾ ਅੱਜ ਦੋਵੇਂ ਧਿਰਾਂ ਵੱਲੋਂ ਆਪਸੀ ਗੱਲਬਾਤ ਨਾਲ ਹੱਲ ਕਰ ਲਿਆ ਗਿਆ। ਸਕੱਤਰਾਂ ਦਾ ਦੋਸ਼ ਸੀ ਕਿ ਕੋਆਪ੍ਰੇਟਿਵ ਬੈਂਕ ਵੱਲੋਂ ਜਾਣਬੁੱਝ ਕੇ ਆਪ ਬਣਾਏ ਹੋਏ ਨਿਯਮ ਥੋਪੇ ਜਾ ਰਹੇ ਹਨ ਅਤੇ ਲੋਕਾਂ ਨੂੰ ਆਪਣੇ ਪੈਸੇ ਕਢਵਾਉਣ ਲਈ ਕਈ-ਕਈ ਚੱਕਰ ਲਾਉਣੇ ਪੈਂਦੇ ਹਨ ਜਿਸਦੇ ਰੋਸ ਵਜੋਂ ਧਰਨਾ ਦਿੱਤਾ ਗਿਆ ਸੀ। ਧਰਨੇ ਵਾਲੇ ਦਿਨ ਥਾਣਾ ਸੰਦੌੜ ਦੇ ਮੁਖੀ ਸੁਖਵਿੰਦਰ ਸਿੰਘ ਖੁਰਦ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਯਤਨਾਂ ਸਦਕਾ ਬੈਂਕ ਅਧਿਕਾਰੀਆਂ ਨੇ ਮਸਲਾ ਸੋਮਵਾਰ ਤੱਕ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਜਿਸ ਤਹਿਤ ਅੱਜ ਸੰਦੌੜ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸਭਾਵਾਂ ਦੇ ਸਕੱਤਰਾਂ ਅਤੇ ਬੈਂਕ ਦੇ ਅਧਿਕਾਰੀ ਦਰਮਿਆਨ ਮੀਟਿੰਗ ਹੋਈ। ਲਗਪਗ 4 ਘੰਟੇ ਚੱਲੀ ਮੀਟਿੰਗ ਵਿੱਚ ਜ਼ਿਆਦਤਾਰ ਮੰਗਾਂ ’ਤੇ ਲਿਖਤੀ ਸਹਿਮਤੀ ਬਣ ਗਈ। ਮੀਟਿੰਗ ਵਿੱਚ ਸੌਰਭ ਬਾਂਸਲ ਸੀਨੀਅਰ ਮੈਨੇਜਰ, ਕਿਸਾਨ ਆਗੂ ਸ਼ੇਰ ਸਿੰਘ ਮਹੋਲੀ, ਡਾ. ਅਮਰਜੀਤ ਸਿੰਘ ਧਲੇਰ ਕਲਾਂ, ਕਰਨੈਲ ਸਿੰਘ ਪ੍ਰਧਾਨ ਕੋਆਪ੍ਰੇਟਿਵ ਯੂਨੀਅਨ ਮਾਲੇਰਕੋਟਲਾ, ਅੰਮ੍ਰਿਤਪਾਲ ਸਿੰਘ ਪ੍ਰਧਾਨ ਕੋਆਪ੍ਰੇਟਿਵ ਯੂਨੀਅਨ ਬਰਨਾਲਾ ਸਮੇਤ ਵੱਖ-ਵੱਖ ਸਭਾਵਾਂ ਦੇ ਸਕੱਤਰ ਹਾਜ਼ਰ ਸਨ।