ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਜਨਵਰੀ
ਕਾਂਗਰਸ ’ਚ ਪੈਦਾ ਹੋਏ ਵਿਵਾਦ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇਣ ਉਪਰੰਤ ਕੈਪਟਨ ਸਮਰਥਮ ਸੰਜੀਵ ਬਿੱਟੂ ਨੂੰ ਮੇਅਰ ਦੇ ਅਹੁਦੇ ਤੋਂ ਉਤਾਰਨ ਨੂੰ ਲੈ ਕੇ ਚੱਲੇ ਘਮਸਾਨ ਕਾਰਨ ਸ਼ਹਿਰ ਵਾਸੀਆਂ ਨੂੰ ਵੀ ਨੁਕਸਾਨ ਝੱਲਣਾ ਪਿਆ ਹੈ ਕਿਉਂਕਿ ਇਸ ਦੌਰਾਨ ਸ਼ਹਿਰ ’ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਸਬੰਧੀ ਉਲੀਕੀ ਗਈ ਵਿਉਤਬੰਦੀ ਧਰੀ ਧਰਾਈ ਰਹਿ ਗਈ। ਇਨ੍ਹਾਂ ਵਿੱਚੋਂ ਕਰੀਬ 18 ਕਰੜ ਰੁਪਏ ਦੇ ਕੰਮਾਂ ਸਬੰਧੀ ਤਾਂ ਸਾਰਾ ਖਾਕਾ ਵੀ ਤਿਆਰ ਕਰ ਲਿਆ ਗਿਆ ਸੀ ਪਰ ਨਗਰ ਨਿਗਮ ਦੀ ਐਫ਼ ਐਡ.ਸੀ.ਸੀ ਦੀ ਮੀਟਿੰਗ ਹੀ ਨਾ ਹੋ ਸਕੀ ਜਿਸ ਕਰਕੇ ਇਨ੍ਹਾਂ ਕੰਮਾਂ ’ਤੇ ਮੋਹਰ ਨਾ ਲੱਗ ਸਕੀ। ਮੁਢਲੇ ਤੌਰ ’ਤੇ ਇਸ ਦੌਰਾਨ ਓਪਨ ਜਿਮ ਲਈ ਕਰੀਬ 3 ਕਰੋੜ, ਸੜਕਾਂ ’ਤੇ 12 ਕਰੋੜ, ਧਰਮਸ਼ਾਲਾਵਾਂ ਲਈ 2.5 ਕਰੋੜ, ਸਟਰੀਟ ਲਾਈਟਾਂ ਲਈ 25 ਲੱਖ, ਵਾਟਰ ਸਪਲਾਈ-ਸੀਵਰੇਜ ਲਈ 95 ਲੱਖ ਅਤੇ ਸਟਰੀਟ ਵੈਂਡਰ ਪਾਲਿਸੀ ਲਈ ਕਰੀਬ 35 ਲੱਖ ਰੁਪਏ ਰੱਖੇ ਗਏ ਸਨ ਪਰ ਨਗਰ ਨਿਗਮ ਵਿਚਲੇ ਕੈਪਟਨ ਤੇ ਕਾਂਗਰਸੀ ਧੜਿਆਂ ਦੀ ਖਿੱੱਚੋਤਾਣ ਦੇ ਚੱਲਦਿਆਂ ਇਹ ਪ੍ਰਾਜੈਕਟ ਪਾਸ ਹੀ ਨਾ ਹੋ ਸਕੇ।
ਯਾਦ ਰਹੇ ਕਿ ਕਾਂਗਰਸੀ ਧੜੇ ਨੇ ਮੇਅਰ ਸੰਜੀਵ ਬਿੱਟੂ ਨੂੰ ਮੁਅਤਲ ਕਰਕੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਨੂੰ ਕਾਰਜਕਾਰੀ ਮੇਅਰ ਬਣਾ ਦਿੱਤਾ ਸੀ ਪਰ ਅਦਾਲਤ ਦਾ ਸਹਾਰਾ ਲੈਂਦਿਆਂ ਮੇਅਰ ਸੰਜੀਵ ਬਿੱਟੂ ਮੁੜ ਤੋਂ ਕੁਰਸੀ ’ਤੇ ਆ ਬੈਠੇ ਪਰ ਇਸ ਦੌਰਾਨ ਵੀ ਅਜਿਹੀ ਖਿੱਚੋਤਾਣ ਕਾਰਨ ਸ਼ਹਿਰ ਲਈ ਹੋਰ ਵਿਕਾਸ ਅਤੇ ਸੁਧਾਰ ਕਾਰਜਾਂ ਨੂੰ ਪ੍ਰਵਾਨਗੀ ਨਾ ਮਿਲ ਸਕੀ। ਜਿਸ ਲਈ ਮੇਅਰ ਸੰਜੀਵ ਬਿੱਟੂ ਸੱਤਾਧਾਰੀ ਧਿਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਸ਼ਹਿਰ ਵਿੱਚ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਅਰਬਾਂ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਦਾ ਦਾਅਵਾ ਕਰਦਿਆਂ, ਮੇਅਰ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿਕਾਸ ਵਿੱਚ ਕਾਂਗਰਸੀ ਆਗੂਆਂ ਨੇ ਖੜੋਤ ਪਾ ਕੇ ਸ਼ਹਿਰ ਵਾਸੀਆਂ ਦਾ ਨੁਕਸਾਨ ਹੀ ਕੀਤਾ ਹੈ। ਜਿਸ ਲਈ ਲੋਕ ਇਨ੍ਹਾਂ ਅਜਿਹੀ ਵਿਚਾਰਧਾਰਾ ਰੱਖਣ ਵਾਲ਼ਿਆਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।