ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 8 ਜੁਲਾਈ
ਇੱਥੇ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਸ਼ਾਮ ਵੇਲੇ ਇੱਕ ਟਰੱਕ ਅਚਾਨਕ ਸਥਿਤ ਸ਼ਰਮਾ ਆਟੋ ਡੀਲਰ ਦੀ ਦੁਕਾਨ ਵਿੱਚ ਜਾ ਵੜਿਆ। ਇਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਦੁਕਾਨ ਅੱਗੇ ਖੜ੍ਹਾ ਇੱਕ ਮੋਟਰਸਾਈਕਲ ਅਤੇ ਦੋ ਸਕੂਟਰਾਂ ਤੋਂ ਇਲਾਵਾ ਦੁਕਾਨ ਦਾ ਅਗਲਾ ਕੈਬਨ ਚਕਨਾਚੂਰ ਹੋ ਗਿਆ। ਦੁਕਾਨ ਮਾਲਕ ਇੰਦਰਜੀਤ ਸ਼ਰਮਾ ਨੇ ਦੱਸਿਆ ਕਿ ਉਹ ਆਪਣੀ ਦੁਕਾਨ ’ਤੇ ਬੈਠਾ ਸੀ, ਅਚਾਨਕ ਹੀ ਜਦੋਂ ਟਰੱਕ ਉਸ ਦੀ ਦੁਕਾਨ ਅੱਗੇ ਖੜ੍ਹੇ ਵਾਹਨਾਂ ਨਾਲ ਟਕਰਾਉਣ ਮਗਰੋਂ ਦੁਕਾਨ ਵਿੱਚ ਵੱਜਿਆ। ਇਸ ਕਾਰਨ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਮੌਕੇ ’ਤੇ ਖੜ੍ਹੇ ਲੋਕਾਂ ਨੇ ਤੁਰੰਤ ਹੀ ਟਰੱਕ ਚਾਲਕ ਨੂੰ ਬਾਹਰ ਕੱਢ ਕੇ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ। ਸੂਤਰਾਂ ਅਨੁਸਾਰ ਟਰੱਕ ਚਾਲਕ ਵਾਹਨ ਦਾ ਸੰਤੁਲਨ ਗੁਆ ਬੈਠਾ ਜਿਸ ਕਾਰਨ ਹਾਦਸਾ ਵਾਪਰ ਗਿਆ।