ਪਵਨ ਕੁਮਾਰ ਵਰਮਾ
ਧੂਰੀ, 29 ਜੁਲਾਈ
ਇਥੇ ਧੂਰੀ-ਸੰਗਰੂਰ ਮੁੱਖ ਮਾਰਗ ਉੱਤੇ ਪ੍ਰਾਈਵੇਟ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਟੌਲ ਪਲਾਜ਼ਾ ਪੀ.ਡਬਲਯੂ.ਡੀ. ਵਿਭਾਗ ਵੱਲੋਂ ਬਣਾਏ ਮਾਪਦੰਡਾਂ ਨੂੰ ਛਿੱਕੇ ਟੰਗ ਕੇ ਚਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਵਿੱਚ ਚੱਲ ਰਹੇ ਇਸ ਟੌਲ ਪਲਾਜ਼ੇ ਤੋਂ ਰੋਜ਼ਾਨਾ ਲੱਖਾਂ ਰੁਪਏ ਦੀ ਆਮਦਨ ਕਮਾਉਣ ਵਾਲੇ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਪੂਰੀਆਂ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਰਾਹਗੀਰਾਂ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਟੌਲ ਟੈਕਸ ਅਦਾ ਕਰਨ ਦੇ ਬਾਵਜੂਦ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੌਲ ਪਲਾਜ਼ਾ ਸੜਕ ਦੀ ਹਾਲਤ ਕਈ ਜਗ੍ਹਾ ਤੋਂ ਕਾਫੀ ਖਸਤਾ ਹੈ। ਰਾਤ ਨੂੰ ਸੜਕਾਂ ’ਤੇ ਅਵਾਰਾ ਪਸ਼ੂ ਵੀ ਆਮ ਘੁੰਮਦੇ ਰਹਿੰਦੇ ਹਨ, ਜਿਸ ਨਾਲ ਅਨੇਕਾਂ ਸੜਕ ਹਾਦਸੇ ਵਾਪਰ ਚੁੱਕੇ ਹਨ। ਇਸ ਟੌਲ ਰੋਡ ’ਤੇ ਰਿਫਲੈਕਟਰਾਂ ਦੀ ਵੀ ਘਾਟ ਹੈ। ਟੌਲ ਰੋਡ ਉੱਪਰ ਪੈਂਦੇ ਪੁਲਾਂ ਤੇ ਲਾਈਟ ਦੇ ਪੁਖਤਾ ਪ੍ਰਬੰਧ ਨਹੀਂ ਹਨ। ਧੂਰੀ ਦੇ ਰਹਿਣ ਵਾਲੇ ਠੇਕੇਦਾਰ ਬਿੱਕਰ ਸਿੰਘ, ਗੁਰਪ੍ਰੀਤ ਸਿੰਘ, ਕਾਮਰੇਡ ਗੁਰਦਿਆਲ ਨਿਰਮਾਣ, ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ, ਸਮਾਜਸੇਵੀ ਸ਼ੁਭਮ ਸ਼ਰਮਾ, ਕਾਂਗਰਸੀ ਆਗੂ ਹੰਸ ਰਾਜ ਗੁਪਤਾ, ਗੁਰੀ ਮਾਨ ਆਦਿ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਟੋਲ ਪ੍ਰਬੰਧਕਾਂ ਅਤੇ ਪੀ.ਡਬਲਿਊ.ਡੀ. ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਜਾਰੀ ਕਰਨ।
ਸੜਕ ਦਾ ਜਾਇਜ਼ਾ ਲੈ ਕੇ ਉਚ ਅਧਿਕਾਰੀਆਂ ਨੂੰ ਭੇਜਾਂਗੇ: ਐੱਸਡੀਐੱਮ
ਐੱਸਡੀਐੱਮ ਧੂਰੀ ਅਮਿਤ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਉਹ ਨਿੱਜੀ ਤੌਰ ’ਤੇ ਇਸ ਰੋਡ ਦਾ ਮੁਆਇਨਾ ਕਰਕੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਬਣਾ ਕੇ ਭੇਜਣਗੇ ਅਤੇ ਜੇਕਰ ਇਸ ਰੋਡ ਵਿੱਚ ਕੋਈ ਖਾਮੀਆਂ ਪਾਈਆਂ ਗਈਆਂ ਤਾਂ ਸਬੰਧਤ ਵਿਭਾਗ ਨੂੰ ਬਣਦੀ ਕਾਰਵਾਈ ਲਈ ਵੀ ਲਿਖ ਕੇ ਭੇਜਣਗੇ। ਉਧਰ ਟੌਲ ਪਲਾਜ਼ਾ ਦੇ ਪ੍ਰੋਜੈਕਟ ਮੈਨੇਜਰ ਅਜੈ ਪ੍ਰਤਾਪ ਨੇ ਕਿਹਾ ਕਿ ਬਰਸਾਤ ਕਰਕੇ ਸੜਕ ਦੀ ਮੁਰੰਮਤ ਦਾ ਕੰਮ ਰੋਕਿਆ ਹੋਇਆ ਹੈ।