ਹਰਦੀਪ ਸਿੰਘ ਸੋਢੀ
ਧੂਰੀ, 2 ਸਤੰਬਰ
ਇਥੇ ਬੇਨੜਾ ਪਿੰਡ ਵਿੱਚ ਵਿਧਵਾ ਦੇ ਘਰ ਦੀ ਕੁਰਕੀ ਕਰਨ ਆਈ ਟੀਮ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਬੇਰੰਗ ਮੁੜਨਾ ਪਿਆ। ਪਿੰਡ ਵਿੱਚ ਸਹਿਯੋਗੀ ਜਥੇਬੰਦੀਆਂ ਨਾਲ ਮਿਲ ਕੇ ਰੋਸ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਬਲਜੀਤ ਸਿੰਘ ਤੇ ਬਿਮਲ ਕੌਰ ਨੇ ਕਿਹਾ ਕਿ ਖੇਤ ਮਜ਼ਦੂਰ ਸਵਰਗੀ ਸੁਖਦੇਵ ਸਿੰਘ ਦੇ ਪਰਿਵਾਰ ਨਾਲ ਸਾਜਿਸ਼ ਤਹਿਤ ਪਿੰਡ ਦੇ ਹੀ ਇਕ ਧਨਾਢ ਨੇ ਧੋਖਾਧੜੀ ਕਰਦਿਆਂ ਪੀੜਤ ਪਰਿਵਾਰ ਦੇ ਸਾਮਾਨ ਉੱਪਰ ਕੁਰਕੀ ਲਿਆਂਦੀ ਹੈ। ਸੁਖਦੇਵ ਸਿੰਘ ਨੇ ਧਨਾਢ ਤੋਂ 46 ਹਜ਼ਾਰ ਰੁਪਏ ਉਧਾਰ ਲਏ ਸੀ। ਸੁਖਦੇਵ ਸਿੰਘ ਦੀ ਮੌਤ ਹੋ ਗਈ। ਉਸ ਦੀ ਮੌਤ ਹੋਏ ਨੂੰ 10 ਵਰ੍ਹੇ ਬੀਤੇ ਚੁੱਕੇ ਹਨ। ਪੀੜਤ ਪਰਿਵਾਰ ਕਰਜ਼ਾ ਨਾ ਮੋੜ ਸਕਿਆ, ਜਿਸ ਮਗਰੋਂ ਧਨਾਢ ਨੇ ਪੀੜਤ ਪਰਿਵਾਰ ਖ਼ਿਲਾਫ਼ ਅਦਾਲਤ ਵਿੱਚ ਕੇਸ ਕਰ ਦਿੱਤਾ। ਅਦਾਲਤ ਨੇ ਵਿਧਵਾ ਔਰਤ ਦੇ ਘਰ ਦੇ ਸਾਮਾਨ ਨੂੰ ਕੁਰਕ ਕਰਨ ਦਾ ਫੈਸਲਾ ਸੁਣਾਇਆ ਹੈ। ਇਸੇ ਫੈਸਲੇ ਤਹਿਤ ਇਕ ਟੀਮ ਅੱਜ ਕੁਰਕੀ ਕਰਨ ਆਈ ਸੀ ਜਿਸ ਨੂੰ ਮਜ਼ਦੂਰ ਜਥੇਬੰਦੀ ਨੇ ਰੋਕ ਦਿੱਤਾ।
ਜਥੇਬੰਦੀ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਜੇ ਕੋਈ ਅਧਿਕਾਰੀ ਕੁਰਕੀ ਕਰਨ ਆਇਆ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਪੀੜਤ ਪਰਿਵਾਰ ਦਾ ਪੂਰਾ ਸਾਥ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਵਿਧਵਾ ਔਰਤ ਦਾ ਕਰਜ਼ਾ ਮੁਆਫ ਕਰਵਾਇਆ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਰੂਸ ਸਿੰਘ, ਮੇਲਾ ਸਿੰਘ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਬਹਾਲ ਸਿੰਘ, ਅਮਰਜੀਤ ਸਿੰਘ ਤੇ ਜਗਤਾਰ ਸਿੰਘ ਆਦਿ ਹਾਜ਼ਰ ਸਨ।