ਖੇਤਰੀ ਪ੍ਰਤੀਨਿਧ
ਪਟਿਆਲਾ, 14 ਜਨਵਰੀ
ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪਟਿਆਲਾ ਵਿੱਚ ਵੱਡੇ ਪੱਧਰ ’ਤੇ ਵੋਟਰ ਜਾਗਰੂਕਤਾ ਪ੍ਰੋਗਰਾਮ ਉਲੀਕੇ ਗਏ ਹਨ। ਇਸ ਤਹਿਤ ਬਿਰਧ ਆਸ਼ਰਮ ਰੌਂਗਲਾ ਵਿਚ ਜ਼ਿਲ੍ਹਾ ਸਵੀਪ ਲੋਹੜੀ ਮਨਾਈ ਗਈ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸਵੀਪ ਦੇ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਚੋਣ ਕਮਿਸ਼ਨ ਵੱਲੋਂ ਵਡੇਰੀ ਉਮਰ ਦੇ ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦਾ ਮਤਦਾਨ ਵਾਲੇ ਦਿਨ ਤੋਂ ਪਹਿਲਾਂ ਹਰ ਹਾਲ ‘ਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਕਰ ਦਿੱਤਾ ਜਾਵੇਗਾ। ਜੋ ਵੋਟਰ ਚੋਣ ਕਮਿਸ਼ਨ ਦੀਆਂ ਸਹੂਲਤਾਂ ਹਾਸਲ ਕਰਨੀਆਂ ਚਾਹੁੰਦੇ ਹਨ, ਲਈ ਗੂਗਲ ਫਾਰਮ ਜਾਰੀ ਕੀਤਾ ਜਾਵੇਗਾ ਅਤੇ ਉਸ ਰਾਹੀਂ ਕੋਈ ਵੀ ਵੋਟਰ ਸਹੂਲਤ ਲੈਣ ਸਬੰਧੀ ਆਪਣੇ ਵੇਰਵੇ ਭਰ ਸਕਦਾ ਹੈ। ਆਸ਼ਰਮ ਦੇ ਸੰਚਾਲਕ ਲਖਵਿੰਦਰ ਸਰੀਨ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਆਸ਼ਰਮ ‘ਚ ਮੌਜੂਦ ਸਾਰੇ ਮਤਦਾਤਾ ਹਰ ਹਾਲਤ ‘ਚ ਵੋਟ ਪਾਉਣਗੇ। ਬਿਰਧਾਂ ਨੇ ਲੋਹੜੀ ਸਬੰਧੀ ਯਾਦਾਂ ਤਾਜ਼ੀਆਂ ਕੀਤੀਆਂ ਤੇ ਬੋਲੀਆਂ ਨਾਲ ਰੰਗ ਬੰਨ੍ਹਿਆ।
ਸੰਗਰੂਰ (ਪੱਤਰ ਪ੍ਰੇਰਕ): ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵੱਲੋਂ ਸੰਸਥਾ ਦੇ ਮੁੱਖ ਦਫ਼ਤਰ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ| ਇਸ ਮੌਕੇ ਭੁਪਿੰਦਰ ਸਿੰਘ ਜੱਸੀ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ| ਡਾ. ਚਰਨਜੀਤ ਸਿੰਘ ਉਡਾਰੀ ਨੇ ਲੋਹੜੀ ਦੇ ਇਤਿਹਾਸਕ ’ਤੇ ਚਾਨਣਾ ਪਾਇਆ| ਸਮਾਗਮ ਦੌਰਾਨ ਕਲਾਕਾਰ ਸੰਜੀਵ ਸੁਲਤਾਨ ਨੇ ਆਪਣੀ ਸੰਗੀਤ ਮੰਡਲੀ ਨਾਲ ਰੰਗ ਬੰਨ੍ਹਿਆ।
ਸਰਕਾਰ ਦੇ ਲਾਰਿਆਂ ਦੀ ਲੋਹੜੀ ਬਾਲੀ
ਧੂਰੀ (ਖੇਤਰੀ ਪ੍ਰਤੀਨਿਧ): ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਧੂਰਾ ਦੀ ਅਗਵਾਈ ਹੇਠ ਪੈਸ਼ਨਰਜ਼ ਦਫ਼ਤਰ ਵਿਚ ਸਰਕਾਰ ਦੀ ਲੋਹੜੀ ਬਾਲ ਕੇ ਨਾਅਰੇਬਾਜ਼ੀ ਕੀਤੀ ਗਈ| ਪ੍ਰੈੱਸ ਸਕੱਤਰ ਰਤਨ ਭੰਡਾਰੀ ਤੇ ਪ੍ਰੀਤਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਅਣਗੌਲਿਆਂ ਕਰ ਕੇ ਪੈਸ਼ਨਰਜ਼ ਨਾਲ ਧੋਖਾ ਕੀਤਾ ਹੈ| ਇਸ ਕਾਰਨ ਲੋਹੜੀ ਮੌਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਕੇ ਗੁੱਸਾ ਪ੍ਰਗਟ ਕੀਤਾ ਗਿਆ ਹੈ। ਇਸ ਮੌਕੇ ਜੈ ਦੇਵ ਸ਼ਰਮਾ, ਹਰਚਰਨ ਸਿੰਘ ਲਹਿਰੀ, ਜਸਵਿੰਦਰ ਸਿੰਘ ਸਕੱਤਰ, ਕ੍ਰਿਸ਼ਨ ਚੰਦ ਗਰਗ ਖਜ਼ਾਨਚੀ, ਕਰਮ ਸਿੰਘ ਮਾਨ ਅਤੇ ਹੋਰ ਮੈਂਬਰ ਹਾਜ਼ਰ ਸਨ।