ਮੁਕੰਦ ਸਿੰਘ ਚੀਮਾ
ਸੰਦੌੜ, 20 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢੇ ਗਏ ਸੰਘਰਸ਼ ਕਾਰਨ ਪਿੰਡ ਬਿਸ਼ਨਗੜ੍ਹ ਦੇ ਕਿਸਾਨ ਜਰਨੈਲ ਸਿੰਘ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਹੈ। ਉਕਤ ਕਿਸਾਨ ਨੂੰ ਖੇਤ ਵਿਚ ਬਿਜਲੀ ਦਾ ਇਕ ਵੱਡਾ ਖੰਭਾ ਲਗਵਾਉਣ ਬਦਲੇ ਇਹ ਰਾਸ਼ੀ ਬਿਜਲੀ ਵਿਭਾਗ ਵੱਲੋਂ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਸਾਲ ਬਿਸ਼ਨਗੜ੍ਹ (ਸੰਦੌੜ) ਗਰਿਡ ਤੋਂ ਰੇਲਵੇ ਮਹਿਕਮੇ ਦੇ ਇਕ ਸਟੇਸ਼ਨ ਲਈ ਬਿਜਲੀ ਲਾਈਨ ਕੱਢੀ ਜਾ ਰਹੀ ਸੀ ਤਾਂ ਕਿਸਾਨ ਦੇ ਖੇਤ ਵਿਚ ਇਕ ਹੋਰ ਖੰਭਾ ਲਗਾਉਣ ਲਈ ਵਿਭਾਗ ਤਿਆਰੀ ਕਰ ਰਿਹਾ ਸੀ। ਯੂਨੀਅਨ ਦੇ ਬਲਾਕ ਪ੍ਰਧਾਨ ਸ਼ੇਰ ਸਿੰਘ ਮਹੋਲੀ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਧਲੇਰ ਦੀ ਅਗਵਾਈ ਹੇਠ ਕਿਸਾਨਾਂ ਨੇ ਬਿਜਲੀ ਗਰਿਡ ਅੱਗੇ ਦਿਨ ਰਾਤ ਦਾ ਪੱਕਾ ਮੋਰਚਾ ਲਗਾ ਕੇ ਖੰਭਾ ਲਗਾਉਣ ਦੀ ਕਾਰਵਾਈ ਦਾ ਸਖਤ ਵਿਰੋਧ ਕੀਤਾ। ਵਿਭਾਗ ਨੇ ਕੱਲ ਪੀੜਤ ਕਿਸਾਨ ਦੇ ਖਾਤੇ ਵਿਚ 4 ਲੱਖ ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਹੈ। ਇਸ ਮੌਕੇ ਕਿਸਾਨ ਆਗੂ ਹਰਬੰਸ ਸਿੰਘ ਮਾਣਕੀ, ਰਜਿੰਦਰ ਸਿੰਘ ਭੋਗੀਵਾਲ, ਗੁਰਮੇਲ ਸਿੰਘ ਮਹੋਲੀ, ਹੁਸ਼ਿਆਰ ਸਿੰਘ ਮਹੋਲੀ ਆਦਿ ਕਿਸਾਨ ਹਾਜ਼ਰ ਸਨ।