ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 21 ਅਗਸਤ
ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਵਿੱਚ ਕਮੇਟੀ ਦੀਆਂ ਮੰਗਾਂ ਸਬੰਧੀ 28 ਅਗਸਤ ਨੂੰ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਕਮੇਟੀ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਲੰਬੇ ਸਮੇਂ ਬਾਅਦ ਪੰਜਾਬ ਸਰਕਾਰ ਨੇ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ 250 ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤੀ ਸੀ, ਪਰ ਇਸ ਭਰਤੀ ਲਈ ਦਸਵੀਂ ਅਤੇ ਡਿਪਲੋਮਾ ਆਰਟ ਐਂਡ ਕਰਾਫਟ ਪਾਸ ਉਮੀਦਵਾਰਾਂ ਨੂੰ ਯੋਗ ਨਹੀਂ ਮੰਨਿਆ ਗਿਆ। ਇਸ ਦੀ ਜਗ੍ਹਾ ਸਾਲ 2018 ਵਿੱਚ ਬਣਾਏ ਸੇਵਾ ਨਿਯਮਾਂ ਅਨੁਸਾਰ ਯੋਗਤਾ ਬੀ. ਏ. ਫਾਈਨ ਆਰਟ ਵਿਸ਼ੇ ਨਾਲ ਬੀਐੱਡ ਅਤੇ ਪੀਐਸ ਟੈਟ ਪਾਸ ਉਮੀਦਵਾਰਾਂ ਨੂੰ ਯੋਗ ਮੰਨਿਆ ਗਿਆ ਹੈ ਜੋ ਕਿ ਡਿਪਲੋਮਾ ਹੋਲਡਰਾਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਪੈਨਲ ਮੀਟਿੰਗਾਂ ਕਰ ਚੁੱਕੇ ਹਨ, ਪਰ ਹਰ ਵਾਰ ਨਿਰਾਸ਼ਾ ਹੀ ਹੱਥ ਲਗੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2002 ਅਤੇ 2010 ਵਿੱਚ ਡਰਾਇੰਗ ਟੀਚਰਾਂ ਲਈ ਡਿਪਲੋਮਾ ਹੋਲਡਰਾਂ ਦੀ ਭਰਤੀ ਕੀਤੀ ਸੀ ਅਤੇ ਹੁਣ ਵੀ ਕਮੇਟੀ ਦੀ ਇਹੀ ਮੰਗ ਹੈ ਕਿ ਡਰਾਇੰਗ ਟੀਚਰਾਂ ਦੀ ਭਰਤੀ ਡਿਪਲੋਮਾ ਅਧਾਰ ‘ਤੇ ਕੀਤੀ ਜਾਵੇ। ਉਨ੍ਹਾਂ ਦੱਸਿਆ ਕਮੇਟੀ ਵੱਲੋਂ 28 ਅਗਸਤ ਨੂੰ ਪਿੰਡ ਗੰਭੀਰਪੁਰ ਵਿੱਚ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਕੌਰ, ਬਿਕਰਮਜੀਤ ਸਿੰਘ, ਗਗਨਦੀਪ ਸਿੰਘ ਤੇ ਅਮਨਦੀਪ ਕੌਰ ਆਦਿ ਹਾਜ਼ਰ ਸਨ।