ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 21 ਜਨਵਰੀ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਰੋਹ ਦਿਨ ਪ੍ਰਤੀ ਦਿਨ ਭੱਖ਼ ਰਿਹਾ ਹੈ। ਕਿਸਾਨ ਆਗੂਆਂ ਨੇ ਕੌਮਾਂਤਰੀ ਮੁਦਰਾ ਕੋਸ਼ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ’ਚ ਦਿੱਤੇ ਬਿਆਨ ਦੀ ਨਿਖੇਧੀ ਕੀਤੀ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਨਿਰਮਲ ਸਿੰਘ ਅਲੀਪੁਰ, ਨਾਹਰ ਸਿੰਘ ਹਥਨ ਅਤੇ ਕੁਲਵਿੰਦਰ ਸਿੰਘ ਭੂਦਨ ਨੇ ਸਥਾਨਕ ਦਾਣਾ ਮੰਡੀ ਨੇੜਲੇ ਠੰਡੀ ਸੜਕ ਚੌਕ ’ਚ ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਫ਼ੂਕਿਆ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਵਿਸ਼ਵ ਵਪਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਦੇ ਦਬਾਅ ’ਚ ਕਾਰਪੋਰੇਟ ਖੇਤਰ ਨੂੰ ਲਾਭ ਪਹੁੰਚਾਉਣ ਦੇ ਲਈ ਕਿਸਾਨ ਮਾਰੂ ਕਾਨੂੰਨ ਲਿਆਂਦੇ ਹਨ। ਆਗੂਆਂ ਨੇ ਕਿਹਾ ਕਿ ਹੁਣ ਕਿਸਾਨ ਅੰਦੋਲਨ, ਕਿਸਾਨਾਂ ਦਾ ਧਰਮਯੁੱਧ ਬਣ ਗਿਆ ਹੈ। ਹੁਣ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਸਾਹ ਲਿਆ ਜਾਵੇਗਾ। ਇਸ ਮੌਕੇ ਕੁਲਵਿੰਦਰ ਸਿੰਘ ਭੂਦਨ, ਚਮਕੌਰ ਸਿੰਘ ਹਥਨ, ਗੁਰਪ੍ਰੀਤ ਸਿੰਘ ਹਥਨ, ਸੁਖਚੈਨ ਸਿੰਘ ਮਾਣਕਮਾਜਰਾ, ਕੁਲਦੀਪ ਸਿੰਘ ਢੱਡੇਵਾੜੀ, ਗੁਰਮੀਤ ਸਿੰਘ ਮੁਬਾਰਕਪੁਰ, ਪਰਗਟ ਸਿੰਘ ਧਨੋ ਆਦਿ ਨੇ ਵੀ ਸੰਬੋਧਨ ਕੀਤਾ।