ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਅਕਤੂਬਰ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪੱਧਰੀ ਇਜਲਾਸ ਦੇ ਦੂਜੇ ਦਿਨ ਰੀਵਿਊ ਰਿਪੋਰਟ ਪੜ੍ਹਨ, ਵਿੱਤੀ ਰਿਪੋਰਟ ਪੇਸ਼ ਕਰਨ ਅਤੇ ਪਾਸ ਕਰਨ ਤੋਂ ਬਾਅਦ ਸੂਬਾ ਕਮੇਟੀ ਭੰਗ ਕਰ ਕੇ ਡੈਲੀਗੇਟਾਂ ਵੱਲੋਂ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਨਵੀਂ ਚੁਣੀ ਗਈ ਸੱਤ ਮੈਂਬਰੀ ਕਮੇਟੀ ਵਿੱਚੋਂ ਸੰਜੀਵ ਮਿੰਟੂ ਨੂੰ ਸੂਬਾ ਪ੍ਰਧਾਨ ਅਤੇ ਧਰਮਪਾਲ ਸਿੰਘ ਨੂੰ ਸੂਬਾ ਸਕੱਤਰ ਚੁਣਿਆ ਗਿਆ।
ਇਜਲਾਸ ਦੀ ਸ਼ੁਰੂਆਤ ਰੀਵਿਊ ਰਿਪੋਰਟ ਸੂਬਾ ਸਕੱਤਰ ਧਰਮਪਾਲ ਸਿੰਘ ਵੱਲੋਂ ਪੜ੍ਹਨ ਤੋਂ ਸ਼ੁਰੂ ਹੋਈ। ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀਵਾਲਾ ਵੱਲੋਂ ਵਿੱਤੀ ਰਿਪੋਰਟ ਪੇਸ਼ ਕੀਤੀ ਗਈ ਜਦਕਿ ਸੁਖਪਾਲ ਸਿੰਘ ਖਿਆਲੀਵਾਲਾ ਨੇ ਰਾਜਨੀਤਕ ਮਤੇ ਪੇਸ਼ ਕੀਤੇ ਜਿਸਨੂੰ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਉਪਰੰਤ ਸੰਜੀਵ ਮਿੰਟੂ ਵੱਲੋਂ ਸੱਤ ਮੈਂਬਰੀ ਸੂਬਾ ਕਮੇਟੀ ਦੀ ਚੋਣ ਵਿੱਚ ਸੁੱਖਪਾਲ ਖਿਆਲੀਵਾਲਾ, ਗਿੰਦਰ ਰੋਡੇ , ਬਲਜੀਤ ਸਿੰਘ, ਧਰਮਪਾਲ ਸਿੰਘ, ਦਰਸ਼ਨ ਸਿੰਘ ਟਾਹਲੀਆਂ ਅਤੇ ਸੰਜੀਵ ਮਿੰਟੂ ਦੇ ਨਾਵਾਂ ਦੀ ਤਜਵੀਜ਼ ਰੱਖੀ ਗਈ ਜਿਸਨੂੰ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਇਸ ਮੌਕੇ ਸਮੁੱਚੀ ਸੂਬਾ ਕਮੇਟੀ ਅਤੇ ਆਏ ਡੈਲੀਗੇਟਾਂ ਨੇ ਇਨਕਲਾਬ ਦੇ ਰਾਹ ’ਤੇ ਅੱਗੇ ਵਧਣ, ਸੰਘਰਸ਼ ਨੂੰ ਤਿੱਖਾ ਕਰਨ, ਜ਼ਮੀਨੀ ਘੋਲ ਨੂੰ ਹੋਰ ਅੱਗੇ ਵਧਾਉਣ ਅਤੇ ਸਰਗਰਮ ਪਿੰਡਾਂ ਦੀ ਗਿਣਤੀ ਅਗਲੇ ਇਜਲਾਸ ਤੱਕ ਦੁੱਗਣੀ ਕਰਨ ਦਾ ਅਹਿਦ ਲਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੂਬਾਈ ਆਗੂ ਬਿਮਲ ਕੌਰ ਨੇ ਨਿਭਾਈ। ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਭਰਾਤਰੀ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਲੇਖਕਾ ਰਾਣਾ ਅਯੂਬ ਖ਼ਿਲਾਫ਼ ਹਕੂਮਤ ਵੱਲੋਂ ਪਰਚਾ ਦਰਜ ਕਰਨ, ਹਿੰਦੂਤਵੀ ਫਾਸ਼ੀਵਾਦੀ ਮੋਦੀ ਹਕੂਮਤ ਵੱਲੋਂ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਮਜ਼ਦੂਰਾਂ, ਕਿਸਾਨਾਂ, ਜਮਹੂਰੀ ਅਤੇ ਲੋਕਪੱਖੀ ਬੁੱਧੀਜੀਵੀਆਂ, ਕਲਮਕਾਰਾਂ ਮਿਹਨਤਕਸ਼ ਲੁਕਾਈ ਦੇ ਹੱਕਾਂ ਦੀ ਆਵਾਜ਼ ਨੂੰ ਦਰੜਨ ਤੇ ਭਗਵੰਤ ਮਾਨ ਸਰਕਾਰ ਦੀ ਵਾਅਦਾਖਿਲਾਫ਼ੀ ਵਿਰੁੱਧ ਅਹਿਮ ਮਤੇ ਪਾਸ ਕੀਤੇ ਗਏ।