ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਜੂਨ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਆਮ ਆਦਮੀ ਪਾਰਟੀ ’ਤੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਇੱਕ ਅਣਜਾਣ ਵਿਅਕਤੀਆਂ ਦੀ ਸਰਕਾਰ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਵੇਂ ਇੱਕ ਬੱਚੇ ਦੇ ਹੱਥ ਵਿੱਚ ਐਟਮ ਬੰਬ ਫੜਾ ਦੇਈਏ, ਉਸੇ ਤਰ੍ਹਾਂ ਨਾਲ ਹੀ ਇਹ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਦਾ ਗਾਇਕ ਸਿੱਧੂ ਮੂਸੇਵਾਲਾ ਸਾਥੋਂ ਖੋਹ ਲਿਆ ਗਿਆ ਅਤੇ ਪੰਜ ਦਿਨਾਂ ਮਗਰੋਂ ਪੁਲੀਸ ਦੇ ਕੁਝ ਪੱਲੇ ਨਹੀਂ ਪਿਆ। ਉਹ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਕੇ ਦੁੱਖ ਸਾਂਝਾ ਕਰ ਕੇ ਆਏ ਹਨ।
ਅੱਜ ਇੱਥੇ ਆਪਣੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੂੰ ਪਤਾ ਸੀ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਸਿਰ ’ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ ਤਾਂ ਸਕਿਓਰਿਟੀ ਹਟਾ ਕੇ ਵੱਡੀ ਗਲਤੀ ਕਿਉਂ ਕੀਤੀ ਗਈ। ਉਸ ਤੋਂ ਵੀ ਵੱਡਾ ਗੁਨਾਹ ਆਪਣੀਆਂ ਪ੍ਰਾਪਤੀਆਂ ਗਿਣਾਉਣ ਲਈ ਸਕਿਓਰਿਟੀ ਹਟਾਉਣ ਦੀ ਜਾਣਕਾਰੀ ਨੂੰ ਜਨਤਕ ਕਰ ਦਿੱਤਾ ਗਿਆ। ਬੀਬੀ ਭੱਠਲ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਲੁੱਟਾਂ, ਖੋਹਾਂ, ਨਸ਼ਿਆਂ ਤੇ ਕਤਲੋਗਾਰਦ ਵਿੱਚ ਅਥਾਹ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਐਲਾਨਾਂ ਦੀ ਸਰਕਾਰ ਹੈ ਜਿਨ੍ਹਾਂ ਨੂੰ ਉਹ ਪੂਰਾ ਨਹੀਂ ਕਰਦੀ ਜਾਂ ਵਾਪਸ ਲੈ ਲੈਂਦੀ ਹੈ ਜਿਸ ਕਰਕੇ ਸੰਗਰੂਰ ਸਥਿਤ ਮੁੱਖ ਮੰਤਰੀ ਦੀ ਕੋਠੀ ਅਤੇ ਸੰਗਰੂਰ ਸ਼ਹਿਰ ਧਰਨਿਆਂ ਦੀ ਰਾਜਧਾਨੀ ਬਣ ਚੁੱਕਿਆ ਹੈ।