ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 9 ਅਗਸਤ
ਪਿੰਡ ਬਡਰੁੱਖਾਂ ਵਿੱਚ ਗਰਾਮ ਪੰਚਾਇਤ ਵੱਲੋਂ ਤੀਆਂ ਦਾ ਦੋ ਰੋਜ਼ਾ ਮੇਲਾ ਲਾਇਆ ਗਿਆ। ਮੇਲੇ ਦੌਰਾਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪਾਰਕ ਵਿਚ ਖੂਬ ਰੌਣਕਾਂ ਲੱਗੀਆਂ। ਵੱਖ-ਵੱਖ ਟੋਲੀਆਂ ਵਿਚ ਮੁਟਿਆਰਾਂ ਭੈਣ-ਭਰਾ, ਨੂੰਹ-ਸੱਸ, ਦਿਉਰ-ਭਰਜਾਈ ਅਤੇ ਹੋਰ ਵੱਖ-ਵੱਖ ਰਿਸ਼ਤਿਆਂ ਨਾਲ ਸਬੰਧਤ ਸਭਿਆਚਾਰਕ ਬੋਲੀਆਂ ਉੁਪਰ ਗਿੱਧਾ ਪਾ ਰਹੀਆਂ ਸਨ। ਤੀਆਂ ਦੇ ਮੇਲੇ ’ਚ ਵਿਸ਼ੇਸ਼ ਮਹਿਮਾਨ ਵਜੋਂ ਸੁਨਾਮ ਹਲਕੇ ਤੋਂ ਭਾਜਪਾ ਮਹਿਲਾ ਆਗੂ ਦਾਮਨ ਥਿੰਦ ਬਾਜਵਾ ਅਤੇ ਕਾਂਗਰਸ ਪਾਰਟੀ ਦੀ ਬੁਲਾਰਾ ਤੇ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਵੀ ਸ਼ਾਮਲ ਹੋਈਆਂ। ਉਨ੍ਹਾਂ ਨੇ ਖੁਦ ਵੀ ਬੋਲੀਆਂ ਪਾ ਕੇ ਮੁਟਿਆਰਾਂ ਨਾਲ ਗਿੱਧਾ ਪਾਉਂਦਿਆਂ ਖੁਸ਼ੀਆਂ ਮਨਾਈਆਂ। ਨੇੜਲੇ ਪਿੰਡ ਉਭਾਵਾਲ ਵਿੱਚ ਵੀ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਮਨਾਇਆ ਗਿਆ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਨਦਾਮਪੁਰ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਤੀਆਂ ਦੇ ਤਿਉਹਾਰ ਮੌਕੇ ਪਿੰਡ ਦੀਆਂ ਕੁੜੀਆਂ ਨਾਲ ਰਲਕੇ ਗਿੱਧਾ ਪਾਇਆ।