ਬੀਰਇੰਦਰ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 19 ਨਵੰਬਰ
ਸੁਨਾਮ ਵਿੱਚ ਚੱਲ ਰਹੇ ਕਿਸਾਨੀ ਮੋਰਚਿਆਂ ਵਿੱਚ ਅੱਜ ਦਿੱਲੀ ਚੱਲੋ ਦਾ ਨਾਅਰਾ ਗੂੰਜਦਾ ਰਿਹਾ। ਸੁਨਾਮ ਵਿੱਚ ਕਿਸਾਨ ਆਪਣੇ ਮੋਰਚਿਆਂ ’ਤੇ ਡਟੇ ਹੋਏ ਹਨ। ਭਾਜਪਾ ਆਗੂ ਰਿਸ਼ੀ ਖੇਰਾ ਤੇ ਵਿਨੋਦ ਕੁਮਾਰ ਦੇ ਦਫ਼ਤਰਾਂ ਅੱਗੇ ਧਰਨੇ ਜਾਰੀ ਹਨ। ਇਸੇ ਤਰ੍ਹਾਂ ਰਿਲਾਇੰਸ ਦਾ ਪੰਪ ਵੀ ਕਿਸਾਨਾਂ ਨੇ ਘੇਰਿਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ’ਚ ਚੱਲ ਰਹੇ ਇਨ੍ਹਾਂ ਧਰਨਿਆਂ ਵਿਚ ਅੱਜ ਆਉਂਦੀ 26 ਨਵੰਬਰ ਨੂੰ ਦਿੱਲੀ ਜਾਣ ਦਾ ਨਾਅਰਾ ਗੂੰਜਦਾ ਰਿਹਾ। ਇਨ੍ਹਾਂ ਧਰਨਿਆਂ ’ਚ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਮਾਣਕ ਕਣਕਵਾਲੀਆ, ਅਜੈਬ ਜਖੇਪਲ, ਮਹਿੰਦਰ ਨਮੋਲ, ਪਾਲ ਦੌਲੇਵਾਲਾ ਤੇ ਰਾਮ ਸਰਨ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦੇ ਵਾਸਤੇ ਦਿੱਲੀ ਜਾਣਾ ਹੁਣ ਲਾਜ਼ਮੀ ਬਣ ਗਿਆ ਹੈ। ਆਗੂਆਂ ਨੇ ਕਿਹਾ ਕਿ ਅੱਜ 50 ਦਿਨ ਹੋ ਗਏ ਹਨ ਕਿਸਾਨਾਂ ਨੂੰ ਮੋਰਚਿਆਂ ’ਤੇ ਬੈਠਿਆਂ ਪਰ ਹਾਲੇ ਤੱਕ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਇੱਕ ਵੀ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਜੇ ਕੇਂਦਰ ਚਾਹੁੰਦਾ ਤਾਂ ਹੁਣ ਤਕ ਕਿਸਾਨਾਂ ਨੂੰ ਸੜਕਾਂ ਤੇ ਰੁਲਣੋਂ ਬਚਾਉਣ ਲਈ ਅੱਗੇ ਆ ਸਕਦਾ ਹੈ। ਆਗੂਆਂ ਨੇ ਕਿਹਾ ਕਿ ਦਿੱਲੀ ਜਾਣ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ। ਦਿੱਲੀ ਨੂੰ ਜਾਣ ਵਾਲੇ ਜਥਿਆਂ ’ਚ ਔਰਤਾਂ ਤੇ ਨੌਜਵਾਨ ਵੱਡੀ ਗਿਣਤੀ ’ਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਪਿੰਡਾਂ ਵਿੱਚ ਮਸ਼ਾਲ ਮਾਰਚ ਕੀਤੇ ਜਾ ਰਹੇ ਹਨ, ਕਲੱਬਾਂ, ਸੱਥਾਂ ਤੇ ਘਰੋ ਘਰ ਜਾ ਕੇ ਲੋਕਾਂ ਨੂੰ ਦਿੱਲੀ ਚੱਲਣ ਲਈ ਪ੍ਰੇਰਿਆ ਜਾ ਰਿਹਾ ਹੈ। ਆਗੂਆਂ ਨੇ ਦਾਅਵਾ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਘੱਟੋ ਘੱਟ ਡੇਢ ਲੱਖ ਵਿਅਕਤੀ ਕੇਂਦਰੀ ਰਾਜਧਾਨੀ ਦਿੱਲੀ ਨੂੰ ਜਾਣ ਲਈ ਤਿਆਰ ਬਰ ਤਿਆਰ ਹੈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ) ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਟੌਲ ਪਲਾਜ਼ਾ ਮਾਝੀ, ਟੌਲ ਪਲਾਜ਼ਾ ਕਾਲਾਝਾੜ ਤੇ ਰਿਲਾਇੰਸ ਪੰਪ ਬਾਲਦ ਕਲਾਂ ’ਚ ਅੱਜ 50 ਵੇਂ ਦਿਨ ਵੀ ਧਰਨੇ ਜਾਰੀ ਰਹੇ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਸਥਿੱਤ ਟੌਲ ਪਲਾਜ਼ਾ ਮਾਝੀ ’ਤੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਲਾਕ ਦੇ ਆਗੂ ਰਣਧੀਰ ਸਿੰਘ ਭੱਟੀਵਾਲ, ਸੁਖਦੇਵ ਸਿੰਘ ਬਾਲਦ, ਅੰਗਰੇਜ ਸਿੰਘ, ਬੁੱਧ ਸਿੰਘ ਬਾਲਦ, ਹਰਭਜਨ ਸਿੰਘ ਬਖੋਪੀਰ, ਲਾਭ ਸਿੰਘ ਭੜੋ, ਨੰਦ ਸਿੰਘ ਬਲਿਆਲ, ਕੁਲਵੰਤ ਕੌਰ ਨਕਟੇ, ਗੁਲਾਬ ਖਾਂ ਤੇ ਸਰੂਪ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਦ੍ਰਿੜ੍ਹ ਸੰਘਰਸ਼ ਸਦਕਾ ਮੋਦੀ ਸਰਕਾਰ ਪੰਜਾਬ ਦੇ ਕਿਸਾਨ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਲਈ ਮਜਬੂਰ ਹੋਈ ਹੈ ਤੇ ਸ਼ੰਘਰਸ ਕਾਲੇ ਕਾਨੂੰਨ ਵਾਪਸ ਕਰਵਾਉਣ ਤੱਕ ਜਾਰੀ ਰਹੇਗਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ’ਤੇ ਰਿਲਾਇੰਸ ਪੰਪ ਬਾਲਦ ਕਲਾਂ ’ਚ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੀ ਹੱਥਠੋਕਾ ਬਣ ਚੁੱਕੀ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਤਾਨਾਸ਼ਾਹੀ ਫੁਰਮਾਨਾਂ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਧਰਨੇ ’ਚ ਨਵਜੋਤ ਕੌਰ,ਮੇਵਾ ਸਿੰਘ, ਗੁਰਚਰਨ ਸਿੰਘ ਭਿੰਡਰਾਂ, ਹਰਪਾਲ ਗਹਿਲਾਂ ਤੇ ਗਮਦੂਰ ਸਿੰਘ ਵੀ ਹਾਜ਼ਰ ਸਨ।