ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 13 ਅਗਸਤ
ਇੱਥੋਂ ਨੇੜਲੇ ਪਿੰਡ ਤਰੰਜੀਖੇੜਾ (ਖਡਿਆਲੀ) ਵਿੱਚ ਗ੍ਰਾਮ ਪੰਚਾਇਤ ਵੱਲੋਂ ਪੰਚਾਇਤੀ ਜ਼ਮੀਨ ਉੱਤੇ ਉਸਰੇ ਮਕਾਨਾਂ ਨੂੰ ਢਾਹੁਣ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਾਇਆ ਧਰਨਾ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਿਆ। ਯੂਨੀਅਨ ਨੇ ਇਹ ਧਰਨਾ ਜਿੱਤ ਦਰਜ ਹੋਣ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਧਰਨੇ ਦੀ ਅਗਵਾਈ ਕਿਸਾਨ ਯੂਨੀਅਨ ਦੇ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਕਰ ਰਹੇ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਤਰੰਜੀਖੇੜਾ ਵਿੱਚ ਅੱਜ ਤੋਂ ਤਕਰੀਬਨ 40 ਸਾਲ ਪਹਿਲਾਂ ਉਸ ਸਮੇਂ ਦੀ ਗ੍ਰਾਮ ਪੰਚਾਇਤ ਨੇ ਬਹੀ ਦੀ ਲਿਖਤ ਉੱਤੇ ਪਿੰਡ ਦੇ ਲਗਪਗ 8 ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨ ਵੇਚ ਦਿੱਤੀ ਸੀ ਪਰ ਮੌਜੂਦਾ ਸਮੇਂ ਦੀ ਗ੍ਰਾਮ ਪੰਚਾਇਤ 40 ਸਾਲਾਂ ਤੋਂ ਉਸਰੇ ਘਰਾਂ ਨੂੰ ਨਾਜਾਇਜ਼ ਕਬਜ਼ਾ ਦੱਸਦਿਆਂ ਢਾਹੁਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਵਸਦੇ ਪਰਿਵਾਰਾਂ ਦੇ ਘਰਾਂ ਦਾ ਉਜਾੜਾ ਨਹੀਂ ਹੋਣ ਦੇਣਗੇ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ ਇਸ ਮਸਲੇ ਨੂੰ ਜਲਦ ਸੁਲਝਾਇਆ ਜਾਵੇ। ਇਸ ਮੌਕੇ ਸੁਖਪਾਲ ਸਿੰਘ ਮਾਣਕ ਤੇ ਰਾਮਪਾਲ ਸੁਨਾਮ ਸਮੇਤ ਵੱਡੀ ਗਿਣਤੀ ’ਚ ਯੂਨੀਅਨ ਦੇ ਆਗੂ ਤੇ ਵਰਕਰ ਹਾਜ਼ਰ ਸਨ।