ਪਵਨ ਕੁਮਾਰ ਵਰਮਾ
ਧੂਰੀ, 15 ਫਰਵਰੀ
ਧੂਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੱਲੋਂ ਧੂਰੀ ਹਲਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਕੋਲ ਜਾ ਕੇ ਆਪਣੇ ਭਰਾ ਭਗਵੰਤ ਮਾਨ ਦੇ ਹੱਕ ਵਿੱਚ ਸਮਰਥਨ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤਹਿਤ ਮਨਪ੍ਰੀਤ ਕੌਰ ਨੇ ਧੂਰੀ ਹਲਕੇ ਦੀ ਸ਼ਖ਼ਸੀਅਤ ਸਮਾਜਸੇਵੀ ਮਹਾਸ਼ਾ ਪ੍ਰਤਿੱਗਿਆ ਪਾਲ ਕੋਲ ਜਾ ਕੇ ਅਸ਼ੀਰਵਾਦ ਲਿਆ। ਮਨਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਦੇ ਹੱਕ ਚ ਭਾਰੀ ਜੇਤੂ ਫਤਵਾ ਦੇਣਗੇ। ਉਨ੍ਹਾਂ ਕਿਹਾ ਕਿ ਧੂਰੀ ਹਲਕੇ ਦੇ ਲੋਕਾਂ ਵੱਲੋਂ ਭਗਵੰਤ ਮਾਨ ਦੇ ਹੱਕ ਵਿੱਚ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ ਜਿਸ ਲਈ ਉਹ ਧੂਰੀ ਹਲਕਾ ਵਾਸੀਆਂ ਦੀ ਸਦਾ ਰਿਣੀ ਰਹਿਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਧੂਰੀ ਹਲਕੇ ਦੇ ਸੀਨੀਅਰ ਆਗੂ ਡਾ. ਅਨਵਰ ਭਸੌੜ ਅਤੇ ਰਾਜਵੰਤ ਸਿੰਘ ਘੁੱਲੀ ਵੀ ਹਾਜ਼ਰ ਸਨ।
ਸਿੰਗਲਾ ਦੀ ਭੈਣ ਕਮਲ ਨੇ ਸਮਰਥਨ ਮੰਗਿਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਫਰਵਰੀ
ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਦੀ ਭੈਣ ਕਮਲ ਅਗਰਵਾਲ ਵੱਲੋਂ ਭਵਾਨੀਗੜ੍ਹ ਦੇ ਵੱਖ ਵੱਖ ਵਾਰਡਾਂ ਵਿੱਚ ਘਰ ਘਰ ਜਾ ਕੇ ਭਰਾ ਲਈ ਸਮਰਥਨ ਮੰਗਿਆ ਗਿਆ।
ਕਮਲ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ ਚੋਣ ਮੁਹਿੰਮ ਨੂੰ ਇਲਾਕੇ ਦੇ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ ਕਿਉਂਕਿ ਵਿਜੈਇੰਦਰ ਸਿੰਗਲਾ ਨੇ ਆਪਣੇ ਕਾਰਜਕਾਲ ਦੌਰਾਨ ਹਰ ਪਿੰਡ ਅਤੇ ਸ਼ਹਿਰ ਦੇ ਲੋਕਾਂ ਨਾਲ ਨੇੜੇ ਤੋਂ ਰਾਬਤਾ ਬਣਾ ਕੇ ਰੱਖਿਆ ਅਤੇ ਹਰ ਪਰਿਵਾਰ ਦੇ ਦੁੱਖ ਸੁੱਖ ਵਿੱਚ ਪਰਿਵਾਰਕ ਮੈਂਬਰ ਵਾਂਗ ਸ਼ਿਰਕਤ ਕੀਤੀ। ਕਮਲ ਅਗਰਵਾਲ ਨੇ ਦਾਅਵਾ ਕੀਤਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਜਿੰਨੇ ਵਿਕਾਸ ਦੇ ਕੰਮ ਸਿੰਗਲਾ ਵੱਲੋਂ ਇਸ ਇਲਾਕੇ ਵਿੱਚ ਕਰਵਾਏ ਗਏ ਹਨ, ਹੋਰ ਕਿਸੇ ਹਲਕੇ ਵਿੱਚ ਨਹੀਂ ਹੋਏ ਹੋਣਗੇ। ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ਦੇ ਲੋਕ ਇਸ ਵਾਰ ਵੀ ਸਿੰਗਲਾ ਦੇ ਹੱਕ ਵਿੱਚ ਭੁਗਤਣਗੇ ਤੇ ਵਿਜੈ ਇੰਦਰ ਸਿੰਗਲਾ ਵੱਡੀ ਜਿੱਤ ਹਾਸਲ ਕਰਨਗੇ।