ਪਵਨ ਕੁਮਾਰ ਵਰਮਾ/ਹਰਦੀਪ ਸੋਢੀ
ਧੂਰੀ, 13 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਤੇ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਸ਼ਹਿਰ ਵਿੱਚ ਪੈਦਲ ਤਿਰੰਗਾ ਯਾਤਰਾ ਕੱਢੀ ਗਈ। ਸ਼ਹਿਰ ਦੇ ਲੋਕਾਂ ਨੇ ਫੁੱਲਾਂ ਦਾ ਮੀਂਹ ਵਰ੍ਹਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਭਗਵੰਤ ਮਾਨ ਦੇ ਹੱਕ ਵਿੱਚ ਨਾਅਰੇ ਲਗਾਏ। ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਕਿਹਾ ਕਿ ਆਜ਼ਾਦੀ ਦੇ 75ਵੇਂ ਮਹਾਉਤਸਵ ਨੂੰ ਸਮਰਪਿਤ ਇਹ ਤਿਰੰਗਾ ਯਾਤਰਾ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਕੱਢੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤਿਰੰਗਾ ਯਾਤਰਾ ਦੌਰਾਨ ਲੋਕਾਂ ਵੱਲੋਂ ਜੋ ਪਿਆਰ ਮਿਲਿਆ ਹੈ, ਉਸ ਦਾ ਦੇਣ ਉਹ ਕਦੇ ਨਹੀਂ ਦੇ ਸਕਦੇ।
ਸ਼ਹਿਰ ਦੀ ਬਾਰੂਮੱਲ ਧਰਮਸ਼ਾਲਾ ਤੋਂ ਸ਼ੁਰੂ ਹੋਈ ਇਸ ‘ਤਿਰੰਗਾ ਯਾਤਰਾ’ ਵਿੱਚ ਇਲਾਕੇ ਦੀਆਂ ਦੇ ਪੰਚਾਂ, ਸਰਪਚਾਂ ਤੇ ਨਗਰ ਕੌਂਸਲਰਾਂ ਸਣੇ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਾਰਟੀ ਵਰਕਰਾਂ ਨੇ ‘ਭਾਰਤ ਮਾਤਾ ਕੀ ਜੈ’ ਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਹਲਕਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਹਲਕੇ ਦੀ ਚੜ੍ਹਦੀ ਕਲਾ ਅਤੇ ਤਰੱਕੀ ਲਈ ਅਰਦਾਸ ਕੀਤੀ। ਕਈ ਮੋਹਤਬਰਾਂ ਵੱਲੋਂ ਡਾ. ਗੁਰਪ੍ਰੀਤ ਕੌਰ ਦਾ ਪਹਿਲੀ ਵਾਰ ਧੂਰੀ ਆਉਣ ’ਤੇ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਿਆਹ ਦੀ ਮੁਬਾਰਕਬਾਦ ਵੀ ਦਿੱਤੀ ਗਈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਪੁਸ਼ਪਾ ਤਾਇਲ, ‘ਆਪ’ ਆਗੂ ਸਤਿੰਦਰ ਸਿੰਘ ਚੱਠਾ, ਜ਼ਿਲ੍ਹਾ ਮੀਤ ਪ੍ਰਧਾਨ ਗੁਰਵਿੰਦਰ ਕੌਰ, ਕੌਂਸਲਰ ਅਮਰਜੋਤ ਕੌਰ, ਅਮਨਦੀਪ ਕੌਰ ਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ।
ਸਾਬਕਾ ਵਿਧਾਇਕ ਗੋਲਡੀ ਖੰਗੂੜਾ ਨੇ ਤਿਰੰਗਾ ਯਾਤਰਾ ਕੱਢੀ
ਧੂਰੀ (ਪਵਨ ਕੁਮਾਰ ਵਰਮਾ/ਹਰਦੀਪ ਸਿੰਘ ਸੋਢੀ): ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਵੱਲੋਂ ਆਜ਼ਾਦੀ ਦੇ 75ਵੇਂ ਮਹਾਂਉਤਸਵ ਮੌਕੇ ਇੱਕ ਪੈਦਲ ਤਿਰੰਗਾ ਯਾਤਰਾ ਕੱਢੀ ਗਈ। ਇਹ ਯਾਤਰਾ ਰੇਲਵੇ ਸਟੇਸ਼ਨ ਧੂਰੀ ਤੋਂ ਸ਼ੁਰੂ ਹੋ ਕੇ ਧੂਰੀ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਹਲਕਾ ਧੂਰੀ ਦੇ ਕਈ ਪਿੰਡਾਂ ਵਿੱਚ ਵੀ ਪਹੁੰਚੀ। ਇਸ ਮੌਕੇ ਸ੍ਰੀ ਗੋਲਡੀ ਨੇ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਅਤੇ ਅੱਜ ਦੇ ਦਿਨ ਅਸੀਂ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦੀਆਂ ਸ਼ਹਾਦਤਾਂ ਨੇ ਸਾਨੂੰ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਦਾ ਸੁਭਾਗ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਜਿਸ ਵਿੱਚ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਭਾਰਤੀ ਨੂੰ ਸ਼ਾਨ ਨਾਲ ਆਪਣੇ ਘਰ ਅੱਗੇ ਤਿਰੰਗਾ ਝੰਡਾ ਲਹਿਰਾਉਣਾ ਚਾਹੀਦਾ ਹੈ।