ਸੰਗਰੂਰ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ ਪਾਵਨ 328 ਸਰੂਪਾਂ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਦ ਕਰਾਉਣ ਲਈ ਸਿੱਖ ਸਦਭਾਵਨਾ ਦਲ ਵੱਲੋਂ 20 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁੱਖ ਮੰਤਰੀ ਭਗਵਾਨ ਮਾਨ ਦੇ ਸੰਗਰੂਰ ਸਥਿਤ ਘਰ ਤੱਕ ਸਿੱਖ ਨੀਤੀ ਮਾਰਚ ਕੱਢਿਆ ਜਾਵੇਗਾ। ਇਹ ਜਾਣਕਾਰੀ ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਮੁੱਖ ਸੇਵਾਦਾਰ ਭਾਈ ਬਚਿੱਤਰ ਸਿੰਘ ਤੇ ਹੋਰ ਅਹੁਦੇਦਾਰਾਂ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 20 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਸਿੱਖ ਨੀਤੀ ਮਾਰਚ ਸਵੇਰੇ ਛੇ ਵਜੇ ਅਰਦਾਸ ਕਰ ਕੇ ਰਵਾਨਾ ਹੋਵੇਗਾ ਜੋ ਕਾਫ਼ਲੇ ਦੇ ਰੂਪ ਵਿੱਚ ਵਾਇਆ ਮਖੂ, ਮੋਗਾ ਅਤੇ ਬਰਨਾਲਾ ਹੁੰਦਾ ਹੋਇਆ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਪੁੱਜੇਗਾ ਜਿੱਥੇ ਕੀਰਤਨ ਕਰ ਕੇ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਜਾਵੇਗਾ ਕਿ 328 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ। -ਨਿੱਜੀ ਪੱਤਰ ਪ੍ਰੇਰਕ