ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 28 ਸਤੰਬਰ
ਸਥਾਨਕ ਮੁਸਲਿਮ ਸ਼ੀਆ ਭਾਈਚਾਰੇ ਨੇ ਮਾਲੇਰਕੋਟਲਾ ਸ਼ਹਿਰ ’ਚ ਕਰਬਲਾ ਦੇ ਸ਼ਹੀਦਾਂ ਦੀ ਯਾਦ ’ਚ ਮਾਤਮੀ ਜਲੂਸ ਕੱਢਿਆ। ਇਸ ਮੌਕੇ ਚੇਹਲੁੱਮ ’ਤੇ ਹੋਈ ਮਜਲਿਸ ’ਚ ਮੌਲਾਨਾ ਆਜ਼ਮ ਰਿਜ਼ਵੀ, ਮੌਲਾਨਾ ਮਹਬਿੂਬ ਹਲੋਰੀ ਅਤੇ ਮੌਲਾਨਾ ਮੁਜ਼ਤਬਾ ਹੁਸੈਨ ਜ਼ੈਦੀ ਨੇ ਕਿਹਾ ਕਿ ਇਮਾਮ ਹੁਸੈਨ ਨੇ ਕਰਬਲਾ ’ਚ ਮਜ਼ਲੂਮਾਂ, ਇਨਸਾਨੀਅਤ ਅਤੇ ਚੰਗੀਆਈ ਦੀ ਹਮਾਇਤ ਕਰਨ ਲਈ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਜੋ ਧਰਮ ਤੇ ਇਨਸਾਨੀਅਤ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੰਦੇ ਹਨ, ਉਨ੍ਹਾਂ ਨੂੰ ਇਮਾਮ ਹੁਸੈਨ ਦੀ ਤਰ੍ਹਾਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਅੰਜ਼ੁਮ-ਏ-ਹੁਸੈਨੀ, ਅੰਜ਼ੁਮ-ਏ-ਸ਼ੀਆ ਯੰਗਮੈਨ ਅਤੇ ਅੰਜ਼ੁਮ-ਏ-ਹੈਦਰੀ ਵੱਲੋਂ ਇਮਾਮਬਾੜਾ ਸਈਦਾਨ, ਇਮਾਮਬਾੜਾ ਖੋਜਗਾਨ ਅਤੇ ਇਮਾਮਬਾੜਾ ਅਹਸਨਿਆ ‘ਚ ਰੱਖੀ ਗਈ ਮਜਲਿਸ ਨੂੰ ਵੀ ਸੰਬੋਧਨ ਕੀਤਾ। ਮਜਲਿਸ ਤੋਂ ਬਾਅਦ ਸ਼ੀਆ ਸੋਗਵਾਰਾਂ ਨੇ ਇਮਾਮਬਾੜੇ ਤੋਂ ਅਲਮ ਅਤੇ ਤਾਜ਼ੀਆ ਚੁੱਕ ਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਦੀ ਹੁੰਦੇ ਹੋਏ ਮਾਤਮੀ ਜਲੂਸ ਕੱਢਦਿਆਂ ਕਰਬਲਾ ਪਹੁੰਚ ਕੇ ਸਮਾਪਤੀ ਕੀਤੀ।