ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਜੂਨ
ਨੇੜਲੇ ਚਾਰ ਕਿਲੋਮੀਟਰ ਦੂਰ ਪਿੰਡ ਖੋਖਰ ਕਲਾਂ ਵਿੱਚ ਪੰਚਾਇਤ ਵੱਲੋਂ 2015-16 ਵਿੱਚ ਲੱਖਾਂ ਰੁਪਏ ਖਰਚ ਕੇ ਮੈਰਿਜ ਪੈਲੇਸ ਲਈ ਬਣਾਇਆ ਬਣਾਇਆ ਸ਼ੈਡ ਸ਼ਮਸ਼ਾਨ ਘਾਟ ਦੇ ਨਾਲ ਹੋਣ ਕਾਰਨ ਸਿਰਫ਼ ਪਸ਼ੂਆਂ ਨੂੰ ਬੰਨ੍ਹਣ ਦੇ ਕੰਮ ਆ ਰਿਹਾ ਹੈ, ਪਰ ਪ੍ਰਸ਼ਾਸਨ ਜਾਂ ਪੰਚਾਇਤ ਨੇ ਕੋਈ ਉਦਮ ਨਹੀਂ ਕੀਤਾ। ਅੱਜ ਪੱਤਰਕਾਰ ਵੱਲੋਂ ਦੌਰਾ ਕਰਕੇ ਦੇਖਿਆ ਕਿ ਸ਼ੈਡ ਚੁਫੇਰਿਓਂ ਖੁੱਲ੍ਹਾ ਹੋਣ ਕਾਰਨ 25-30 ਮੱਝਾਂ ਕਿਲੇ ਗੱਡ ਕੇ ਬੰਨ੍ਹੀਆਂ ਹੋਈਆਂ ਸਨ। ਅਵਾਰਾ ਜਾਨਵਰ ਵੀ ਸਹਾਰਾ ਭਾਲਦੇ ਇਥੇ ਆ ਜਾਂਦੇ ਹਨ। ਪਿੰਡ ਦੀ ਫਿਰਨੀ ਅਜੇ ਕੱਚੀ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ। ਪਿੰਡ ਦੇ ਪੜ੍ਹੇ-ਲਿਖੇ ਸਰਪੰਚ ਮਾਸਟਰ ਰਾਮ ਸਿੰਘ ਖੋਖਰ ਐੱਮਏਬੀਐਡ ਨੇ ਦੱਸਿਆ ਕਿ ਇਹ ਸ਼ੈਡ ਕਮ ਮੈਰਿਜ ਪੈਲੇਸ ਪੁਰਾਣੀ ਪੰਚਾਇਤ ਦੇ ਸਮੇਂ ਦਾ ਬਣਿਆ ਸੀ, ਪਰ ਅੱਜ ਤੱਕ ਵਿਆਹ ਸ਼ਾਦੀ ਜਾਂ ਦੁੱਖ ਗਮੀ ਦਾ ਕੋਈ ਸਮਾਗਮ ਇਥੇ ਨਾ ਹੋਣ ਕਰਕੇ ਮਹਿੰਗਾ ਪ੍ਰਬੰਧ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸ਼ਮਸ਼ਾਨ ਘਾਟ ਵਾਲੀ ਥਾਂ ਤਬਦੀਲ ਕਰਕੇ ਉਥੇ ਮੈਰਿਜ ਪੈਲੇਜ ਉਸਾਰਨ ਲਈ ਲੋਕ ਰਾਇ ਲਈ ਜਾ ਰਹੀ ਹੈ।
ਇਹ ਮਸਲਾ ਪੰਚਾਇਤ ਦੇ ਹੋਣ ਵਾਲੇ ਆਮ ਅਜਲਾਸ ’ਚ ਰੱਖਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਪੰਜਾਰ ਦੇ ਖਜ਼ਾਨਾ ਮੰਤਰੀ ਤੇ ਹਲਕਾ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਪੱਤਰ ਭੇਜ ਕੇ ਮੈਰਿਜ ਪੈਲੇਸ, ਫਿਰਨੀ ਲਈ ਵਿਸ਼ੇਸ਼ ਗ੍ਰਾਂਟ ਦੇ ਰਾਹਤ ਦਿੱਤੀ ਜਾਵੇ ਜਿਸ ਨਾਲ ਨੇੜਲੇ ਚਾਰ ਪੰਜ ਪਿੰਡਾਂ ਦੇ ਲੋਕਾਂ ਨੂੰ ਸਮਾਜਿਕ ਸਮਾਰੋਹ ਕਰਨ ਦੀ ਸਹੂਲਤ ਹੋਵੇਗੀ।