ਨਿਜੀ ਪੱਤਰ ਪ੍ਰੇਰਕ
ਸੰਗਰੂਰ, 13 ਸਤੰਬਰ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਉਪ ਮੰਡਲ ਮੈਜਿਸਟਰੇਟ ਨਵਰੀਤ ਕੌਰ ਸੇਖੋਂ ਨੇ ਸਰਸ ਮੇਲੇ ਦੀਆਂ ਤਿਆਰੀਆਂ ਸਬੰਧੀ ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਤੇ ਹੋਰ ਅਧਿਕਾਰੀਆਂ ਸਮੇਤ ਸਰਕਾਰੀ ਰਣਬੀਰ ਕਾਲਜ ਦੇ ਖੇਡ ਮੈਦਾਨ ਦਾ ਦੌਰਾ ਕਰਕੇ ਜਾਇਜ਼ਾ ਲਿਆ। ਐਸ.ਡੀ.ਐਮ ਸੇਖੋਂ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ 8 ਤੋਂ 17 ਅਕਤੂਬਰ ਤੱਕ ਲੱਗਣ ਵਾਲੇ ਇਸ ਮੇਲੇ ਵਿੱਚ ਰੋਜ਼ਾਨਾ ਦੇ ਆਧਾਰ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਇਸ ਲਈ ਸਮੁੱਚੇ ਪ੍ਰਬੰਧਾਂ ਨੂੰ ਆਪਸੀ ਤਾਲਮੇਲ ਨਾਲ ਸਮੇਂ ਸਿਰ ਨੇਪਰੇ ਚੜ੍ਹਾਇਆ ਜਾਵੇ। ਐਸਡੀਐਮ ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਇਸ ਸਾਲ ਸੰਗਰੂਰ ਵਿਖੇ ਰਾਜ ਪੱਧਰੀ ਸਰਸ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪਹੁੰਚਣ ਵਾਲੇ ਸ਼ਿਲਪਕਾਰ ਸਟਾਲਾਂ ਰਾਹੀਂ ਆਪਣੀਆਂ ਕਲਾਕ੍ਰਿਤਾਂ ਲੋਕਾਂ ਦੇ ਰੂਬਰੂ ਕਰਨਗੇ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਤੋਂ ਕਲਾਕਾਰ ਵੀ ਆਪਣੇ ਰਾਜਾਂ ਦੀ ਨੁਮਾਇੰਦਿਗੀ ਕਰਦਿਆਂ ਰਵਾਇਤੀ ਲੋਕ ਨਾਚਾਂ ਦੀ ਪੇਸ਼ਕਾਰੀ ਦੇਣਗੇ ਅਤੇ ਇਹ ਮੇਲਾ ਸ਼ਾਨਦਾਰ ਪ੍ਰਤਿਭਾਵਾਂ ਦਾ ਸੁਮੇਲ ਇੱਕ ਮੰਚ ’ਤੇ ਕਰਨ ਵਿੱਚ ਬਿਹਤਰੀਨ ਸਾਬਤ ਹੋਵੇਗਾ। ਐੱਸਡੀਐੱਮ ਵੱਲੋਂ ਖੇਡ ਮੈਦਾਨ ਦਾ ਦੌਰਾ ਕਰਦਿਆਂ ਸਟਾਲਾਂ, ਮਨੋਰੰਜਨ ਲਈ ਲਗਾਏ ਜਾਣ ਵਾਲੇ ਵੱਖ-ਵੱਖ ਤਰ੍ਹਾਂ ਦੇ ਝੂਲਿਆਂ, ਫੂਡ ਸਟਾਲਾਂ, ਦਰਸ਼ਕਾਂ ਦੇ ਬੈਠਣ ਪ੍ਰਬੰਧਾਂ ਤੇ ਸਟੇਜ, ਵਾਹਨਾਂ ਦੀ ਪਾਰਕਿੰਗ, ਦਾਖਲਾ ਗੇਟ ਆਦਿ ਤਿਆਰ ਕਰਨ ਸਬੰਧੀ ਅਗੇਤਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।