ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ/ਸੁਨਾਮ, 24 ਮਈ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਐਸ.ਸੀ. ਭਾਈਚਾਰੇ ਉਪਰ ਕੀਤੇ ਜਾ ਰਹੇ ਕਥਿਤ ਜਬਰ ਸਬੰਧੀ ਪਿੰਡ ਹੇੜੀਕੇ ਦੀ ਇੱਕ ਔਰਤ ਦੀ ਸ਼ਿਕਾਇਤ ਉਪਰ ਕਾਰਵਾਈ ਕਰਦਿਆਂ ਜਿਥੇ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਐਸ.ਆਈ.ਟੀ. ਗਠਿਤ ਕਰਕੇ ਪੜਤਾਲ ਕਰਨ ਦੇ ਆਦੇਸ਼ ਦਿੱਤੇ ਹਨ ਉਥੇ ਅੱਜ ਸੁਨਾਮ ਵਿਖੇ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਮੋਹੀ ਵਲੋਂ ਐਸਸੀ ਭਾਈਚਾਰੇ ਨਾਲ ਸਬੰਧਤ ਸ਼ਿਕਾਇਤਾਂ ਦੀ ਸੁਣਵਾਈ ਕਰਦਿਆਂ ਅੱਠ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ ਅਤੇ ਸੁਣਵਾਈ ਮੌਕੇ ਇੱਕ ਅਧਿਕਾਰੀ ਦੇ ਹਾਜ਼ਰ ਨਾ ਹੋਣ ਕਾਰਨ ਉਸ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਲਿਆ ਹੈ। ਕਮਿਸ਼ਨ ਵਲੋਂ ਪਿੰਡ ਹੇੜੀਕੇ ਦੀ ਵਸਨੀਕ ਅੰਮ੍ਰਿਤਪਾਲ ਕੌਰ ਦੀ ਸ਼ਿਕਾਇਤ ’ਤੇ ਕਮਿਸ਼ਨ ਦੇ ਐਕਟ ਦੀ ਧਾਰਾ 10 ਤਹਿਤ ਸ਼ਿਕਾਇਤ ਦੀ ਪੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ ਉਥੇ ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਸ਼ਿਕਾਇਤ ਦੀ ਕਾਪੀ ਭੇਜ ਕੇ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ 15 ਜੂਨ 2022 ਤੋਂ ਪਹਿਲਾਂ ਰਿਪੋਰਟ ਮੰਗੀ ਗਈ ਹੈ। ਪਿੰਡ ਹੇੜੀਕੇ ਦੀਆਂ ਔਰਤਾਂ ਵਲੋਂ ਐਸ.ਸੀ. ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿਚ ਐਸ.ਸੀ. ਭਾਈਚਾਰੇ ਨੂੰ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੇ ਹੱਕ ਤੋਂ ਵਾਂਝਾ ਰੱਖ ਕੇ ਬਦਸਲੂਕੀ ਦੇ ਦੋਸ਼ ਲਗਾਏ ਹਨ ਤੇ ਸ਼ੇਰਪੁਰ ਪੁਲੀਸ ’ਤੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਉਧਰ ਅੱਜ ਸੁਨਾਮ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਚੰਦਰੇਸ਼ਵਰ ਮੋਹੀ ਵਲੋਂ ਐਸ.ਸੀ.ਭਾਈਚਾਰੇ ਨਾਲ ਸਬੰਧਤ ਸ਼ਿਕਾਇਤਾਂ ਦੀ ਸੁਣਵਾਈ ਕਰਦਿਆਂ ਕੁੱਲ 15 ਵਿਚੋਂ 8 ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਜਦੋਂ ਕਿ ਬਾਕੀ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ।