ਸੰਗਰੂਰ: ਭੱਠਾ ਮਾਲਕ ਐਸੋਸੀਏਸ਼ਨ ਦਾ ਜ਼ਿਲ੍ਹਾ ਪੱਧਰੀ ਇਜਲਾਸ ਸਥਾਨਕ ਉਦਯੋਗਿਕ ਫੋਕਲ ਪੁਆਇੰਟ ’ਚ ਸਥਿਤ ਚੈਂਬਰ ਭਵਨ ਵਿੱਚ ਹੋਇਆ, ਜਿਸ ਵਿਚ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਭੱਠਾ ਮਾਲਕਾਂ ਨੇ ਹਿੱਸਾ ਲਿਆ। ਇਜਲਾਸ ਵਿਚ ਕੋਲੇ ਦੇ ਨਿੱਤ ਦਿਨ ਵਧ ਰਹੇ ਰੇਟਾਂ ਅਤੇ ਕੋਲਾ ਮਾਫ਼ੀਆ ਦੀ ਕਾਲਾਬਾਜ਼ਾਰੀ ਦੇ ਵਿਰੋਧ ਵਿਚ 11 ਤੋਂ 13 ਸਤੰਬਰ ਤੱਕ ਜ਼ਿਲ੍ਹੇ ਵਿਚ ਇੱਟਾਂ ਦੀ ਵਿਕਰੀ ਬੰਦ ਰੱਖਣ ਦਾ ਐਲਾਨ ਕੀਤਾ ਗਿਆ। ਇਜਲਾਸ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਪ੍ਰੇਮ ਗੁਪਤਾ ਅਤੇ ਭਾਰਤ ਭੂਸ਼ਣ ਗਰਗ ਨੇ ਦੱਸਿਆ ਕਿ 6500/-ਰੁਪਏ ਤੋਂ 7000/-ਰੁਪਏ ਪ੍ਰਤੀ ਟਨ ਵਿਕਣ ਵਾਲਾ ਕੋਲਾ ਦਿਨਾਂ ਵਿਚ ਹੀ 15000/-ਰੁਪਏ ਪ੍ਰਤੀ ਟਨ ਹੋ ਗਿਆ ਹੈ ਜਿਸ ਕਾਰਨ ਭੱਠੇ ਚਲਾਉਣੇ ਮੁਸ਼ਕਲ ਹੋ ਗਏ ਹਨ। -ਨਿਜੀ ਪੱਤਰ ਪ੍ਰੇਰਕ