ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 30 ਦਸੰਬਰ
ਰੋਟਰੀ ਕਲੱਬ ਮਾਲੇਰਕੋਟਲਾ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਥਾਨਕ ਹੋਮ ਫ਼ਾਰ ਦਿ ਬਲਾਇੰਡ ਐਂਡ ਡਿਸਏਬਲਡ ’ਚ ਅਪਾਹਜ ਜ਼ਰੂਰਤਮੰਦਾਂ ਨੂੰ ਟ੍ਰਾਈਸਾਈਕਲ ਤੇ ਵ੍ਹੀਲਚੇਅਰ ਵੰਡੀਆਂ। ਇਸ ਮੌਕੇ ਰੋਟਰੀ ਕਲੱਬ ਵੱਲੋਂ ਭਾਈ ਅਵਤਾਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਹਾਅ ਦਾ ਨਾਅਰਾ ਦੇ ਮੁੱਖ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੁਰਜੰਟ ਸਿੰਘ, ਜਮਾਤ-ਏ-ਇਸਲਾਮੀ ਹਿੰਦ, ਪੰਜਾਬ ਇਕਾਈ ਦੇ ਪ੍ਰਧਾਨ ਅਬਦੁੱਲ ਸ਼ਕੂਰ, ਈਦਗਾਹ ਕਮੇਟੀ ਮਾਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਸ਼ਫੀਕ ਭੋਲਾ ਪਹਿਲਵਾਨ, ਹਨੂੰਮਾਨ ਮੰਦਿਰ ਦੇ ਪੁਜਾਰੀ ਪਾਂਡੇ ਅਤੇ ਸਹਾਰਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਜ਼ਹਰ ਮੁਨੀਮ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਜੁਆਇੰਟ ਕਮਿਸ਼ਨਰ ਸੇਲਜ਼ ਟੈਕਸ (ਪੰਜਾਬ) ਹਰਪਿੰਦਪਾਲ ਸਿੰਘ ਗੋਥਰਾ ਨੇ ਗੁਰੂ ਗੋਬਿੰਦ ਸਿੰਘ ਦੀ ਜੀਵਨੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਚਾਨਣਾ ਪਾਇਆ। ਪੀਡੀਜੀ ਅਮਜ਼ਦ ਅਲੀ ਨੇ ਸਫ਼ਰ-ਏ-ਸ਼ਹਾਦਤ ਤੇ ਕੌਮੀ ਏਕਤਾ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਰੋਟਰੀ ਕਲੱਬ ਪ੍ਰਧਾਨ ਰਾਸ਼ਿਦ ਸ਼ੇਖ ਨੇ ਕਿਹਾ ਕਿ ਛੋਟੇ ਸ਼ਾਹਬਿਜਾਦਿਆਂ ਦੀ ਸ਼ਹਾਦਤ ਤੇ ਨਵਾਬ ਸ਼ੇਰ ਮੁਹੰਮਦ ਖ਼ਾਨ ਵੱਲੋਂ ਮਾਰਿਆ ‘ਹਾਅ ਦਾ ਨਾਅਰਾ’ ਜਬਰ ਅਤੇ ਜੁਲਮ ਦੇ ਖ਼ਿਲਾਫ਼ ਡਟਣ ਦਾ ਸੁਨੇਹਾ ਦਿੰਦਾ ਹੈ। ਅਖ਼ੀਰ ’ਚ ਪ੍ਰਾਜੈਕਟ ਕੋਆਰਡੀਨੇਟਰ ਉਸਮਾਨ ਸਿੱਦੀਕੀ ਨੇ ਸਭਨਾਂ ਦਾ ਧੰਨਵਾਦ ਕੀਤਾ।