ਪੱਤਰ ਪ੍ਰੇਰਕ
ਮੂਨਕ, 6 ਜੁਲਾਈ
ਨਜ਼ਦੀਕੀ ਪਿੰਡ ਹਮੀਰਗੜ੍ਹ ਦੇ ਗ਼ਰੀਬ ਮਜ਼ਦੂਰ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਉਸ ਦਾ ਭਾਰੀ ਆਰਥਿਕ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਗਾ ਸਿੰਘ ਪੁੱਤਰ ਛੱਜੂ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਚਾਨਕ ਕਮਰੇ ਦਾ ਸ਼ਤੀਰ ਟੁੱਟ ਗਿਆ ਜਿਸ ਕਾਰਨ ਛੱਤ ਡਿੱਗ ਗਈ। ਇਸ ਕਮਰੇ ’ਚ ਸਾਮਾਨ ਰੱਖਿਆ ਹੋਇਆ ਸੀ। ਛੱਤ ਡਿੱਗਣ ਕਾਰਨ ਖਾਣ ਪੀਣ ਦਾ ਸਾਮਾਨ ਅਤੇ ਪੇਟੀਆਂ ਵਗੈਰਾ ਮਲਵੇ ਹੇਠਾਂ ਦੱਬ ਗਈਆਂ। ਗਰਮੀ ਕਾਰਨ ਪਰਿਵਾਰ ’ਚ ਦੋ ਬੇਟੀਆਂ, ਇਕ ਬੇਟਾ, ਅਤੇ ਉਹ ਅਤੇ ਉਸ ਦੀ ਪਤਨੀ ਬਾਹਰ ਵਿਹੜੇ ਵਿਚ ਸੁੱਤੇ ਪਏ ਸੀ ਜਦੋਂ ਭਰੀ ਖੜਕਾ ਹੋਇਆ ਤਾਂ ਦੇਖਿਆ ਕਿ ਛੱਤ ਡਿੱਗ ਗਈ। ਜਿਸ ਨਾਲ ਗਰੀਬ ਮਜ਼ਦੂਰ ਪਰਿਵਾਰ ਦਾ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਹੋਇਆ। ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਦੇ ਮੋਹਤਬਰਾਂ ਵਲੋਂ ਪੰਜਾਬ ਸਰਕਾਰ ਤੋਂ ਗਰੀਬ ਮਜ਼ਦੂਰ ਪਰਿਵਾਰ ਦੀ ਮਾਲੀ ਮਦਦ ਦੀ ਮੰਗ ਕੀਤੀ ਗਈ ਹੈ। ਗੌਰਤਲਬ ਹੈ ਕਿ ਜੱਗਾ ਸਿੰਘ ਨੇ ਮਿਹਨਤ ਮਜ਼ਦੂਰੀ ਕਰਕੇ ਪਿਛਲੇ ਸਾਲ ਹੀ ਪੁਰਾਣਾ ਮਕਾਨ ਲਿਆ ਸੀ।