ਅਸ਼ਵਨੀ ਗਰਗ/ਸੁਭਾਸ਼ ਚੰਦਰ
ਸਮਾਣਾ, 7 ਸਤੰਬਰ
ਫੀਸਾਂ ਵਿੱਚ 20 ਫੀਸਦੀ ਵਾਧੇ ਦੇ ਰੋਸ ਵਜੋਂ ਪਬਲਿਕ ਕਾਲਜ ਸਮਾਣਾ ਦੇ ਸੈਂਕੜੇ ਵਿਦਿਆਰਥੀਆਂ ਨੇ ਪੀਐੱਸਯੂ ਦੀ ਅਗਵਾਈ ਹੇਠ ਅੱਜ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਜਰਾ ਦੇ ਸਮਾਣਾ ਸਥਿਤ ਦਫਤਰ ਦਾ ਘਿਰਾਓ ਕੀਤਾ ਤੇ ਫੀਸਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੀਐੱਸਯੂ ਦੇ ਸੂਬਾ ਆਗੂ ਖੁਸ਼ਿਵੰਦਰ ਰਵੀ ਨੇ ਕਿਹਾ ਹੈ ਕਿ ਪਬਲਿਕ ਕਾਲਜ ਸਮਾਣਾ ਵਿੱਚ ਇਸ ਵਾਰ ਫੀਸਾਂ ਵਿੱਚ 20 ਫੀਸਦ ਦਾ ਵਾਧਾ ਕੀਤਾ ਗਿਆ ਹੈ ਜਿਸ ਨੂੰ ਵਾਪਸ ਕਰਵਾਉਣ ਲਈ ਵਿਦਿਆਰਥੀ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਐੱਸਡੀਐੱਮ ਸਮਾਣਾ ਦਫਤਰ ਵੱਲ ਮਾਰਚ ਕਰ ਕੇ ਵੀ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਵਿਦਿਆਰਥੀ ਆਗੂਆਂ ਦੀ ਕਾਲਜ ਮੈਨੇਜਮੈਂਟ ਅਤੇ ਐੱਸਡੀਐੱਮ ਨਾਲ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਕੋਈ ਹੱਲ ਨਹੀ ਨਿਕਲਿਆ ਸੀ। ਉਸ ਤੋਂ ਬਾਅਦ ਵਿਦਿਆਰਥੀਆਂ ਦਾ ਵਫ਼ਦ ਸਿਹਤ ਮੰਤਰੀ ਚੇਤਨ ਜੌੜੇਮਾਜਰਾ ਨੂੰ ਮਿਲਿਆ ਸੀ ਜਿਨ੍ਹਾਂ ਨੇ ਇੱਕ ਹਫਤੇ ਦੇ ਅੰਦਰ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸੇ ਦੌਰਾਨ ਹਾਲੇ ਤੱਕ ਇਸ ਵਾਧੇ ਨੂੰ ਵਾਪਸ ਕਰਵਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਦੇ ਰੋਸ ਵਜੋਂ ਅੱਜ ਵਿਦਿਆਰਥੀਆਂ ਨੇ ਕਾਲਜ ਤੋਂ ਇਕੱਠੇ ਹੋ ਕੇ ਸ਼ਹਿਰ ਵਿੱਚ ਮਾਰਚ ਕਰਦੇ ਹੋਏ ਚੇਤਨ ਜੌੜੇਮਜਰਾ ਦੇ ਸਮਾਣਾ ਸਥਿਤ ਦਫਤਰ ਦਾ ਘਿਰਾਓ ਕੀਤਾ।
ਪ੍ਰਸ਼ਾਸਨ ਨੇ ਮੰਤਰੀ ਨਾਲ 10 ਨੂੰ ਵਿਦਿਆਰਥੀਆਂ ਦੀ ਮੀਟਿੰਗ ਤੈਅ ਕਰਵਾਈ: ਵਿਦਿਆਰਥੀਆਂ ਦੇ ਭਾਰੀ ਇਕੱਠ ਅਤੇ ਰੋਹ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ 10 ਸਤੰਬਰ ਨੂੰ ਕੈਬਨਿਟ ਮੰਤਰੀ ਚੇਤਨ ਜੌੜੇਮਾਜਰਾ, ਕਾਲਜ ਮੈਨੇਜਮੈਂਟ ਅਤੇ ਵਿਦਿਆਰਥੀ ਆਗੂਆਂ ਦੀ ਮੀਟਿੰਗ ਤੈਅ ਕਰਵਾਈ। ਇਸ ਤੋਂ ਬਾਅਦ ਪੀਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਕਿਹਾ ਕਿ ਜੇ ਇਸ ਮੀਟਿੰਗ ਵਿੱਚ ਫੀਸਾਂ ਵਿੱਚ ਕੀਤਾ ਵਾਧਾ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਫੀਸਾਂ ਵਿੱਚ ਵਾਧੇ ਕਾਰਨ ਵਿਦਿਆਰਥੀਆਂ ਦੇ ਮਾਪਿਆਂ ’ਤੇ ਆਰਥਿਕ ਬੋਝ ਵੀ ਵੱਧ ਗਿਆ ਹੈ ਜਿਸ ਕਾਰਨ ਫੀਸਾਂ ਵਿੱਚ ਕੀਤੇ ਗਏ ਵਾਧੇ ਨੂੰ ਜਲਦੀ ਵਾਪਸ ਲੈਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਕਾਰਨ ਵਿਦਿਆਰਥੀ ਸੰਘਰਸ਼ ਦੇ ਰੌਂਅ ਵਿੱਚ ਹਨ।
ਨਾਨ-ਟੀਚਿੰਗ ਸਟਾਫ ਵੱਲੋਂ ਸਰਕਾਰ ਵਿਰੁੱਧ ਰੋਸ ਧਰਨਾ
ਮਸਤੂਆਣਾ ਸਹਬਿ (ਐੱਸ ਐੱਸ ਸੱਤੀ): ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਮੁਲਾਜ਼ਮ ਯੂਨੀਅਨ ਵੱਲੋਂ ਦਿੱਤੇ ਸੱਦੇ ਅਨੁਸਾਰ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਸਤਨਾਮ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਗੁਰਚਰਨ ਸਿੰਘ ਭਿੰਡਰ, ਲਖਵਿੰਦਰ ਸਿੰਘ ਵੜੈਚ, ਸੁਖਪਾਲ ਸਿੰਘ ਪਾਲੀ, ਸਤਨਾਮ ਸਿੰਘ ਵੜੈਚ, ਭੂਰਾ ਸਿੰਘ ਬਡਰੁੱਖਾਂ, ਅਮਨਦੀਪ ਕੌਰ, ਲਖਵਿੰਦਰ ਕੌਰ, ਗੁਰਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਨਾਨ-ਟੀਚਿੰਗ ਸਟਾਫ ਦੇ ਮੈਂਬਰ ਸ਼ਾਮਲ ਹੋਏ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ ਤੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਕਿ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਅਨਏਡਿਡ ਨਾਨ-ਟੀਚਿੰਗ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਪੂਰੇ ਗਰੇਡ ਤੇ ਕਵਰਡ ਪੋਸਟਾਂ ਅਧੀਨ ਲਿਆਂਦਾ ਜਾਵੇ। ਸਰਕਾਰੀ ਮੁਲਾਜ਼ਮਾਂ ਦੀ ਤਰਜ਼ ’ਤੇ ਕਾਲਜਾਂ ਵਿਚ 6ਵੇਂ ਤਨਖਾਹ ਕਮਿਸਨ ਨੂੰ ਲਾਗੂ ਕਰਨ ਦਾ ਨੋਟੀਫਕਿੇਸਨ ਜਾਰੀ ਕੀਤਾ ਜਾਵੇ। ਧਰਨੇ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਮਸਤੂਆਣਾ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਾਈਵੇਟ ਕਾਲਜਾਂ ਵਿਚ ਕੰਮ ਕਰਦੇ ਨਾਨ-ਟੀਚਿੰਗ ਇੰਪਲਾਈਜ਼ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।