ਰਮੇਸ਼ ਭਾਰਦਵਾਜ
ਲਹਿਰਾਗਾਗਾ, 29 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਗੋਬਿੰਦਗੜ੍ਹ ਜੇਜੀਆਂ ਦੀ ਇਕਾਈ ਦੇ ਪ੍ਰਧਾਨ ਬੇਅੰਤ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਕਿਸਾਨਾਂ ਤੇ ਝੋਨਾ ਕਾਸ਼ਤਕਾਰਾਂ ਨੇ ਅੱਜ ਖਰੀਦ ਇੰਸਪੈਕਟਰ ਦਾ ਘਿਰਾਓ ਕੀਤਾ। ਕਿਸਾਨਾਂ ਵਿੱਚ ਰੋਸ ਸੀ ਕਿ ਮੰਡੀ ਵਿੱਚ ਸ਼ੈਲਰ ਮਾਲਕ ਅਤੇ ਇੰਸਪੈਕਟਰ ਦੀ ਕਥਿਤ ਮਿਲੀਭੁਗਤ ਕਾਰਨ ਝੋਨੇ ਦੀ ਲਿਫਟਿੰਗ ਨਹੀਂ ਹੋ ਰਹੀ।
ਮੌਕੇ ’ਤੇ ਪਹੁੰਚੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸੋਰ, ਬਿੰਦਰ ਸਿੰਘ ਖੋਖਰ ਅਤੇ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ ਨੇ ਦੱਸਿਆ ਕਿ ਪਿੰਡ ਗੋਬਿੰਦਗੜ੍ਹ ਜੇਜੀਆਂ ਦੀ ਮੰਡੀ ਵਿੱਚ ਛੇ ਦੁਕਾਨਾਂ ਦੇ ਪਿੜ ਹਨ ਜਿਨ੍ਹਾਂ ਵਿੱਚ ਪੰਜ ਲਹਿਰਾਗਾਗਾ ਦੇ ਆੜ੍ਹਤੀਆਂ ਦੀਆਂ ਦੁਕਾਨਾਂ ਹਨ ਅਤੇ ਇਕ ਸੁਨਾਮ ਤੋਂ ਟਰੈਡਿੰਗ ਕੰਪਨੀ ਦੀ ਦੁਕਾਨ ਹੈ ਜਿਸ ਦਾ ਨੰਗਲਾ-ਗੋਬਿੰਦਗੜ੍ਹ ਸੜਕ ਉੱਤੇ ਸ਼ੈਲਰ ਹੈ। ਇਸ ਸ਼ੈਲਰ ਨੂੰ ਪਿੰਡ ਗੋਬਿੰਦਗੜ੍ਹ ਜੇਜੀਆਂ ਦੀ ਮੰਡੀ ਦਾ ਝੋਨਾ ਅਲਾਟ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਦਿਨਾਂ ਤੋਂ ਸ਼ੈਲਰ ਮਾਲਕ ਨੇ ਇੰਸਪੈਕਟਰ ਬਲਰਾਜ ਸਿੰਘ ਨਾਲ ਕਥਿਤ ਤੌਰ ’ਤੇ ਮਿਲ ਕੇ ਬਾਕੀ ਪੰਜ ਦੁਕਾਨਾਂ ਤੋਂ ਝੋਨੇ ਦੀ ਲਿਫਟਿੰਗ ਰੋਕੀ ਹੋਈ ਹੈ ਜਦੋਂ ਕਿ ਸ਼ੈਲਰ ਮਾਲਕ ਦੀ ਦੁਕਾਨ ਤੋਂ ਲਿਫਟਿੰਗ ਚਾਲੂ ਹੈ।
ਇਸ ਰੁਝਾਨ ਤੋਂ ਅੱਕੇ ਹੋਏ ਕਿਸਾਨਾਂ ਨੇ ਅੱਜ ਇੰਸਪੈਕਟਰ ਦਾ ਘਿਰਾਓ ਕੀਤਾ। ਉਨ੍ਹਾਂ ਦੱਸਿਆ ਕਿ ਝੋਨੇ ਦੀ ਨਮੀ ਚੈੱਕ ਕਰਨ ਵਾਲੇ ਮੀਟਰ ’ਚ ਵੀ ਕਥਿਤ ਹੇਰਫੇਰ ਕੀਤੀ ਹੋਈ ਹੈ ਜਿਹੜਾ ਕਿ ਸੁੱਕੇ ਝੋਨੇ ਦੀ ਨਮੀਂ ਨੂੰ ਵੱਧ ਦੱਸ ਕੇ ਕਿਸਾਨਾਂ ਦਾ ਨੁਕਸਾਨ ਕਰ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜਿਨ੍ਹਾਂ ਚਿਰ ਝੋਨੇ ਦੀ ਸਹੀ ਤਰੀਕੇ ਨਾਲ ਲਿਫਟਿੰਗ ਚਾਲੂ ਨਹੀਂ ਕੀਤੀ ਜਾਂਦੀ, ਉਦੋਂ ਤੱਕ ਘਿਰਾਓ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਬੇਅੰਤ ਸਿੰਘ, ਕੇਵਲ ਸਿੰਘ, ਸੁਖਦੇਵ ਸਿੰਘ, ਪਿਆਰਾ ਸਿੰਘ, ਤਾਰੀ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਭੀਮਾ ਸਿੰਘ, ਕੁਕੂ ਸਿੰਘ ਅਤੇ ਹੋਰ ਕਿਸਾਨ ਮੌਜੂਦ ਸਨ।
ਇੰਸਪੈਕਟਰ ਨੇ ਘਿਰਾਓ ਦੇ ਦਾਅਵੇ ਨੂੰ ਨਕਾਰਿਆ
ਪੰਜਾਬ ਵੇਅਰਹਾਊਸ ਦੇ ਇੰਸਪੈਕਟਰ ਬਲਰਾਜ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਸ ਦਾ ਘਿਰਾਓ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਸਪੱਸ਼ਟੀਕਰਨ ਦਿੱਤਾ ਕਿ ਉਹ ਹਰ ਰੋਜ਼ ਝੋਨੇ ਦੀ ਬੋਲੀ ਅਤੇ ਚੁੱਕਾਈ ਦਾ ਕੰਮ ਕਰਵਾ ਰਹੇ ਹਨ। ਇਸ ਸਬੰਧ ਵਿੱਚ ਕੋਈ ਰੌਲਾ ਜਾਂ ਵਿਵਾਦ ਨਹੀਂ ਹੈ।