ਨਿੱਜੀ ਪੱਤਰ ਪ੍ਰੇਰਕ
ਧੂਰੀ, 30 ਅਕਤੂਬਰ
ਹਲਕਾ ਧੂਰੀ ਦੇ ਪਿੰਡਾਂ ਵਿੱਚ ਝੋਨੇ ਦੀ ਕਟਾਈ ਮਗਰੋਂ ਕਿਸਾਨਾਂ ਵੱਲੋਂ ਪਰਾਲੀ ਸਾੜੇ ਜਾਣ ਦਾ ਸਿਲਸਿਲਾ ਜਾਰੀ ਹੈ। ਜ਼ਿਆਦਾਤਰ ਕਿਸਾਨ ਪ੍ਰਸ਼ਾਸ਼ਨ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਖੇਤਾਂ ਵਿੱਚ ਝੋਨੇ ਦੀ ਕਟਾਈ ਮਗਰੋਂ ਪਰਾਲੀ ਨੂੰ ਅੱਗ ਲਗਾ ਰਹੇ ਹਨ, ਜਿਸ ਕਾਰਨ ਪ੍ਰਦੂਸ਼ਣ ਫੈਲ ਰਿਹਾ ਹੈ। ਉੱਥੇ ਹੀ ਹਾਦਸੇ ਵਾਪਰਨ ਦਾ ਡਰ ਬਣਿਆ ਹੋਇਆ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ਼ ਬਿਲਕੁਲ ਨਾਲ਼ ਲੱਗਦੇ ਖੇਤਾਂ ਵਿੱਚ ਖੜ੍ਹੀ ਫ਼ਸਲ ਨੂੰ ਨੁਕਸਾਨ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ। ਪਿਛਲੇ ਦਿਨਾਂ ਤੋਂ ਹਵਾ ਵਿੱਚ ਬਣੇ ਜ਼ਹਿਰੀਲੇ ਧੂੰਏਂ ਦੇ ਬੱਦਲਾਂ ਨੇ ਸੂਰਜ ਦੀ ਧੁੱਪ ਨੂੰ ਰੋਕ ਲਿਆ ਹੈ ਅਤੇ ਇਲਾਕੇ ਵਿੱਚ ਦੁਪਹਿਰ ਨੂੰ ਸ਼ਾਮ ਪੈ ਜਾਂਦੀ ਹੈ, ਧੂੰਏਂ ਕਾਰਨ ਜਿੱਥੇ ਸੜਕਾਂ ’ਤੇ ਦੁਰਘਟਨਾਵਾਂ ਵਾਪਰ ਰਹੀਆਂ ਹਨ, ਉੱਥੇ ਇਸ ਕਰ ਕੇ ਧਰਤੀ, ਮਨੁੱਖ, ਜੀਵ ਜੰਤੂਆਂ ਅਤੇ ਬਨਸਪਤੀ ਉੱਪਰ ਵੀ ਬਹੁਤ ਮਾਰੂ ਪ੍ਰਭਾਵ ਪੈ ਰਿਹਾ ਹੈ। ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਅਧਿਕਾਰੀ ਇਸ ਸਮੱਸਿਆ ਨੂੰ ਪੂਰੀ ਗੰਭੀਰਤਾ ਨਾਲ਼ ਨਹੀਂ ਲੈ ਰਹੇ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਬਣੇ ਕਾਨੂੰਨ ਸਖ਼ਤੀ ਨਾਲ਼ ਲਾਗੂ ਹੋਣੇ ਚਾਹੀਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਪ੍ਰਦੂਸ਼ਣ ਪ੍ਰਤੀ ਸੱਚੇ ਦਿਲੋਂ ਗੰਭੀਰ ਹੈ ਤਾਂ ਪੰਜਾਬ ਸਰਕਾਰ ਪਰਾਲੀ ਕਿਸਾਨਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਏਕੜ ਦੀ ਬਜਾਏ 5 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ।