ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 16 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ’ ਨਸ਼ਿਆਂ ਵਿੱਚ ਜਾ ਰਹੀ ਨੌਜਵਾਨ ਪੀੜੀ ਨੂੰ ਇੱਕ ਨਵੀਂ ਸੇਧ ਦੇਣਗੀਆਂ ਅਤੇ ਪੰਜਾਬ ਵਿੱਚ ਖੇਡ ਸੱਭਿਆਚਾਰ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਇਹ ਗੱਲ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਸਥਾਨਕ ਡਾ. ਜ਼ਾਕਿਰ ਹੁਸੈਨ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕਰਵਾਏ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਹੀ। ਉਨ੍ਹਾਂ ਜੇਤੂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਖਿਡਾਰੀਆਂ ਨੂੰ ਰਾਜ ਪੱਧਰੀ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਮੁਕਾਬਲੇ 10 ਤੋਂ 21 ਅਕਤੂਬਰ ਤੱਕ ਹੋਣਗੇ। ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਖਿਡਾਰੀਆਂ ਨੂੰ ਖੇਡਾਂ ਪੂਰੀ ਲਗਨ, ਇਮਾਨਦਾਰੀ ਅਤੇ ਤਨਦੇਹੀ ਨਾਲ ਖੇਡਣੀਆਂ ਚਾਹੀਦੀਆਂ ਹਨ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਕਰਨਦੀਪ ਸਿੰਘ, ਐੱਸ.ਡੀ.ਐੱਮ. ਅਹਿਮਦਗੜ੍ਹ ਹਰਬੰਸ ਸਿੰਘ, ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਮੁਹੰਮਦ ਹਬੀਬ ਆਦਿ ਹਾਜ਼ਰ ਸਨ।
ਭਵਾਨੀਗੜ (ਪੱਤਰ ਪ੍ਰੇਰਕ): ਓਪਨ ਸਾਈਟ ਰਾਈਫਲ ਸੂਟਿੰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਨੇੜਲੇ ਪਿੰਡ ਫੱਗੂਵਾਲਾ ਦਾ ਜੰਮਪਲ ਤੇ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਦੇ 10ਵੀਂ ਕਲਾਸ ਦੇ ਵਿਦਿਆਰਥੀ ਅਨੰਤਵੀਰ ਸਿੰਘ ਫੱਗੂਵਾਲਾ ਨੇ 17 ਸਾਲਾਂ ਦੀ ਉਮਰ ਤੋਂ ਘੱਟ ਵਰਗ ’ਚੋਂ ਗੋਲਡ ਮੈਡਲ ਜਿੱਤ ਕੇ ਭਵਾਨੀਗੜ੍ਹ ਇਲਾਕੇ ਦਾ ਨਾਂ ਰੌਸ਼ਨ ਕੀਤਾ। ਸ਼ੂਟਰ ਅਨੰਤਵੀਰ ਸਿੰਘ ਫੱਗੂਵਾਲਾ ਦੇ ਪਿਤਾ ਮਾਸਟਰ ਗੁਰਦੀਪ ਸਿੰਘ ਫੱਗੂਵਾਲਾ ਅਤੇ ਮਾਤਾ ਅਰਵਿੰਦਰ ਕੌਰ ਸਾਬਕਾ ਸਰਪੰਚ ਫੱਗੂਵਾਲਾ ਨੇ ਦੱਸਿਆ ਕਿ ਉਸ ਨੇ ਪਹਿਲਾਂ ਪੇਂਟਿੰਗ ਮੁਕਾਬਲਿਆਂ ਵਿੱਚ ਵੀ ਪੰਜਾਬ ਪੱਧਰ ’ਤੇ ਗੋਲਡ ਮੈਡਲ ਜਿੱਤਿਆ ਹੋਇਆ ਹੈ।
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੇ ਇਨਡੋਰ ਮੈਦਾਨ ਵਿੱਚ ਕਬੱਡੀ ਨੈਸ਼ਨਲ ਸਟਾਈਲ ਅੰਡਰ 17 ਸਾਲ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ। ਫਾਈਨਲ ਮੁਕਾਬਲੇ ਵਿੱਚ ਸੰਗਰੂਰ ਜ਼ੋਨ ਨੇ ਚੀਮਾ ਜ਼ੋਨ ਨੂੰ 52-21 ਅੰਕਾਂ ਨਾਲ ਹਰਾ ਕੇ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ।
ਓਵਰਆਲ ਟਰਾਫੀ ’ਤੇ ਬੰਗਾ ਦੇ ਖਿਡਾਰੀਆਂ ਦਾ ਕਬਜ਼ਾ਼
ਮੂਨਕ (ਪੱਤਰ ਪ੍ਰੇਰਕ): ਸਰਕਾਰੀ ਪ੍ਰਾਇਮਰੀ ਸਕੂਲ ਬੁਸ਼ਹਿਰਾ ਵਿੱਚ ਬਲਾਕ ਪੱਧਰੀ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ ਦਾ ਸ਼ੁੱਭ ਆਰੰਭ ਬੀਪੀਓ ਮੂਨਕ ਰਾਜਿੰਦਰ ਕੁਮਾਰ ਅਤੇ ਬੀਪੀਓ ਪਾਤੜਾ ਸ੍ਰੀ ਪ੍ਰੇਮ ਕੁਮਾਰ ਗਰਗ ਨੇ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤਾ। ਇਨ੍ਹਾਂ ਖੇਡਾਂ ਵਿੱਚ 5 ਕਲੱਸਟਰਾਂ ਦੇ ਲਗਭਗ 52 ਸਕੂਲਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਬੰਗਾਂ ਕਲੱਸਟਰ ਸਭ ’ਤੇ ਭਾਰੂ ਰਿਹਾ।
ਸੀਬਾ ਸਕੂਲ ਦੇ 22 ਖਿਡਾਰੀਆਂ ਦੀ ਸੂਬਾ ਪੱਧਰੀ ਚੋਣ
ਲਹਿਰਾਗਾਗਾ (ਪੱਤਰ ਪ੍ਰੇਰਕ): 66ਵੀਆਂ ਜ਼ਿਲ੍ਹਾ ਸਕੂਲਜ਼ ਖੇਡਾਂ ਲਗੋਰੀ ਵਿਚੋਂ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਦੇ ਖਿਡਾਰੀਆਂ ਨੇ ਅੰਡਰ-19 ਵਿਚ ਫਤਹਿ ਸਿੰਘ, ਹਰਮਨਜੋਤ ਸਿੰਘ, ਪ੍ਰਿੰਸ ਸ਼ਰਮਾ, ਨਮਦੀਪ ਸਿੰਘ, ਹਰਪ੍ਰੀਤ ਸਿੰਘ, ਦੀਪਕ ਸਿੰਘ ਅਤੇ ਹੁਸਨਪ੍ਰੀਤ ਸਿੰਘ, ਅੰਡਰ-19 ਲੜਕੀਆਂ ਜਸਪਿੰਦਰ ਕੌਰ, ਜਸ਼ਨਪ੍ਰੀਤ ਕੌਰ, ਰੋਬਿਨਪ੍ਰੀਤ ਕੌਰ, ਹਰਸ਼ਪ੍ਰੀਤ ਕੌਰ, ਰਣਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਅੰਡਰ-17 ਲੜਕੇ ਰੀਤਿਕ ਚੌਹਾਨ, ਪਵਨਦੀਪ ਸਿੰਘ, ਜਸਕਰਨ ਸਿੰਘ, ਪਰਮਿੰਦਰ ਸਿੰਘ, ਅੰਡਰ-17 ਲੜਕੀਆਂ ਮਹਿਕਪ੍ਰੀਤ ਕੌਰ, ਜਸਪ੍ਰੀਤ ਕੌਰ, ਜਸਪ੍ਰੀਤ ਕੌਰ, ਸਮਨਪ੍ਰੀਤ ਕੌਰ, ਅਮਾਨਤਜੋਤ ਕੌਰ ਤੇ ਅਮਰਜੀਤ ਕੌਰ ਹੁਣ ਜ਼ਿਲ੍ਹਾ ਸੰਗਰੂਰ ਦੀ ਟੀਮ ਵਿਚ ਸ਼ਮੂਲੀਅਤ ਕਰਦੇ ਹੋਏ ਸੂਬਾ ਪੱਧਰੀ ਖੇਡਾਂ ਵਿਚ ਹਿੱਸਾ ਲੈਣਗੇ।
ਟੈਗੋਰ ਸਕੂਲ ਦੇ ਖਿਡਾਰੀਆਂ ਨੇ ਸੋਨ ਤਗਮੇ ਜਿੱਤੇ
ਦੇਵੀਗੜ੍ਹ (ਪੱਤਰ ਪ੍ਰੇਰਕ): ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਟੈਗੋਰ ਇੰਟਰਨੈਸ਼ਨਲ ਸਕੂਲ ਦੀਆਂ ਕਿੱਕ-ਬਾਕਸਿੰਗ ਦੇ ਅੰਡਰ-14 ਅਤੇ ਅੰਡਰ-17 (ਲੜਕੀਆਂ) ਵਰਗ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 4 ਸੋਨੇ, 5 ਚਾਂਦੀ ਅਤੇ 3 ਕਾਂਸੀ ਤਗਮੇ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਇਹ ਸਾਰੇ ਖਿਡਾਰੀ ਅਗਲੇ ਗੇੜ ਅੰਡਰ ਸਟੇਟ ਖੇਡਾਂ ਲਈ ਵੀ ਚੁਣੇ ਗਏ। ਇਸ ਮੌਕੇ ਸਕੂਲ ਡਾਇਰੈਕਟਰ ਗੋਰਵ ਗੁਲਾਟੀ, ਪ੍ਰਧਾਨ ਸਲੋਨੀ ਗੁਲਾਟੀ ਤੇ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਕੋਚ ਗਿਆਨ ਸਿੰਘ, ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।