ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਅਕਤੂਬਰ
ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਨੂੰ ਕਿਸੇ ਹੋਰ ਥਾਂ ਤਬਦੀਲ ਕਰਕੇ ਗੁਰੂ ਨਾਨਕ ਸਰਾਂ ਨੂੰ ਖਾਲੀ ਕਰਾਉਣ ਲਈ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਮਰਨ ਵਰਤ ਅਤੇ ਭੁੱਖ ਹੜਤਾਲ ’ਤੇ ਬੈਠੇ ਦੋ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਸੰਘਰਸ਼ ਸਮਾਪਤ ਕਰ ਦਿੱਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਡਿਊਟੀ ਮੈਜਿਸਟ੍ਰੇਟ ਸੰਦੀਪ ਸਿੰਘ ਅਤੇ ਡੀਐੱਸਪੀ ਅਜੇਪਾਲ ਸਿੰਘ ਅੱਜ ਸ਼ਾਮ ਮਰਨ ਵਰਤ ਕੈਂਪ ਵਿੱਚ ਪੁੱਜੇ। ਡਿਊਟੀ ਮੈਜਿਸਟ੍ਰੇਟ ਨੇ ਮਰਨ ਵਰਤ ’ਤੇ ਬੈਠੇ ਲੋਕ ਭਲਾਈ ਸੰਘਰਸ਼ ਸੁਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਭਿੰਡਰ ਅਤੇ ਭੁੱਖ ਹੜਤਾਲ ’ਤੇ ਬੈਠੇ ਨੋਬਲ ਹੈਲਪਿੰਗ ਹੈਂਡਜ਼ ਫਾਊਂਡੇਸ਼ਨ ਦੇ ਆਗੂ ਸਤਿੰਦਰ ਸੈਣੀ ਨੂੰ ਜੂਸ ਪਿਲਾ ਕੇ ਮਰਨ ਵਰਤ ਤੇ ਭੁੱਖ ਹੜਤਾਲ ਖਤਮ ਕਰਵਾਈ।
ਅੱਜ ਸ਼ਾਮ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਮੁੱਖ ਗੇਟ ਨਜ਼ਦੀਕ ਮਰਨ ਵਰਤ ਕੈਂਪ ਵਿੱਚ ਪ੍ਰਸ਼ਾਸਨ ਤਰਫ਼ੋਂ ਸਿਵਲ ਅਤੇ ਪੁਲੀਸ ਅਧਿਕਾਰੀ ਪੁੱਜੇ ਜਿੰਨ੍ਹਾਂ ਨੇ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ ਦਿਵਾਇਆ ਅਤੇ ਮਰਨ ਵਰਤ ਅਤੇ ਭੁੱਖ ਹੜਤਾਲ ਖਤਮ ਕਰਨ ਲਈ ਕਿਹਾ। ਪ੍ਰਸ਼ਾਸਨ ਦੇ ਭਰੋਸੇ ’ਤੇ ਮਰਨ ਵਰਤ ’ਤੇ ਬੈਠੇ ਗੁਰਨਾਮ ਸਿੰਘ ਭਿੰਡਰ ਅਤੇ ਭੁੱਖ ਹੜਤਾਲ ’ਤੇ ਬੈਠੇ ਸਤਿੰੰਦਰ ਸੈਣੀ ਨੇ ਸਹਿਮਤੀ ਜਤਾਈ। ਇਸ ਮਗਰੋਂ ਡਿਊਟੀ ਮੈਜਿਸਟ੍ਰੇਟ ਵੱਲੋਂ ਦੋਵਾਂ ਨੂੰ ਜੂਸ ਪਿਲਾ ਕੇ ਮਰਨ ਵਰਤ ਤੇ ਭੁੱਖ ਹੜਤਾਲ ਖਤਮ ਕਰਵਾਈ ਗਈ।
ਸੰਘਰਸ਼ ਕਰ ਰਹੇ ਸਮਾਜ ਸੇਵੀ ਆਗੂਆਂ ਦਾ ਕਹਿਣਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਇਹ ਸਰਾਂ ਬਹੁਤ ਹੀ ਪੁਰਾਣੀ ਬਣੀ ਹੋਈ ਹੈ ਜਿਸ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੇ ਨਾਲ ਦੂਰ-ਦਰਾਡੇ ਤੋਂ ਆਉਣ ਵਾਲੇ ਵਿਅਕਤੀ ਰਾਤ ਨੂੰ ਠਹਿਰਨ ਲਈ ਕੋਈ ਪ੍ਰਬੰਧ ਨਾ ਹੋਣ ਕਾਰਨ ਇਸ ਸਰਾਂ ਵਿਚ ਠਹਿਰਦੇ ਸਨ ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਥੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਖੁੱਲ੍ਹਵਾਉਣ ਨਾਲ ਲੋਕਾਂ ਨੂੰ ਸਰਾਂ ਦੀ ਮਿਲਣ ਵਾਲੀ ਸਹੂਲਤ ਕਈ ਸਾਲਾਂ ਤੋਂ ਬੰਦ ਪਈ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਦੇ ਪਿਛਲੇ ਪਾਸੇ ਸਿਵਲ ਹਸਪਤਾਲ ਵਿੱਚ 12 ਬੈੱਡ ਵਾਲਾ ਨਸ਼ਾ ਛੁਡਾਊ ਹਸਪਤਾਲ ਮੌਜੂਦ ਹੈ ਅਤੇ ਪੀਜੀਆਈ ਸੈਟੇਲਾਈਟ ਸੈਂਟਰ ਘਾਬਦਾਂ ਨਜ਼ਦੀਕ ਵੀ 50 ਬੈੱਡ ਵਾਲਾ ਨਸ਼ਾ ਛੁਡਾਊ ਹਸਪਤਾਲ ਚੱਲ ਰਿਹਾ ਹੈ। ਇਸ ਲਈ ਇਸ ਥਾਂ ’ਤੇ ਨਸ਼ਾ ਛੁਡਾਊ ਕੇਂਦਰ ਨਾਲੋਂ ਲੋਕਾਂ ਨੂੰ ਗੁਰੂ ਨਾਨਕ ਸਰਾਏ ਦੀ ਬੇਹੱਦ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਦੋਹਾਂ ਸਮਾਜ ਸੇਵੀਆਂ ਦਾ ਬੀਤੀ 21 ਅਕਤੂਬਰ ਤੋਂ ਮਰਨ ਵਰਤ ਅਤੇ ਭੁੱਖ ਹੜਤਾਲ ਜਾਰੀ ਸੀ। ਪਿਛਲੇ ਇੱਕ ਹਫ਼ਤੇ ਦੌਰਾਨ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਬਿੀਆ ਤੇ ਹੋਰਨਾਂ ਆਗੂਆਂ ਨੇ ਕੈਂਪ ’ਚ ਸ਼ਾਮਲ ਹੋ ਕੇ ਸੰਘਰਸ਼ ਦੀ ਹਮਾਇਤ ਕੀਤੀ।
ਪ੍ਰਸ਼ਾਸਨ ਵੱਲੋਂ ਮੰਨੀਆਂ ਗਈਆਂ ਮੰਗਾਂ ਦੇ ਵੇਰਵੇ
ਡਿਊਟੀ ਮੈਜਿਸਟ੍ਰੇਟ ਸੰਦੀਪ ਸਿੰਘ ਨੇ ਪ੍ਰਸ਼ਾਸਨ ਦੀ ਤਰਫ਼ੋਂ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਨੂੰ ਜਲਦ ਹੀ ਕਿਸੇ ਹੋਰ ਥਾਂ ਤਬਦੀਲ ਕਰ ਦਿੱਤਾ ਜਾਵੇਗਾ, ਗੁਰੂ ਨਾਨਕ ਸਰਾਂ ਨੂੰ ਸਿਵਲ ਹਸਪਤਾਲ ਸੰਗਰੂਰ ਕੰਪਲੈਕਸ ਵਿੱਚ ਹੀ ਮਰਜ ਕਰ ਦਿੱਤਾ ਜਾਵੇਗਾ ਅਤੇ ਕੰਪਲੈਕਸ ਅੰਦਰ ਇਸ ਜਗ੍ਹਾ ਉਪਰ ਬਣਨ ਵਾਲੀ ਨਵੀਂ ਇਮਾਰਤ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਰੱਖਿਆ ਜਾਵੇਗਾ। ਇਸ ਮੌਕੇ ਗ੍ਰੰਥੀ ਸਿੰਘ ਨੇ ਮਰਨ ਵਰਤੀ ਅਤੇ ਭੁੱਖ ਹੜਤਾਲੀ ਦੇ ਸਮਰਥਕਾਂ ਦੀ ਹਾਜ਼ਰੀ ਵਿੱਚ ਜਿੱਤ ਦੀ ਅਰਦਾਸ ਕੀਤੀ। ਇਸ ਮਗਰੋਂ ਪ੍ਰਸ਼ਾਦਿ ਵੰਡਿਆ ਗਿਆ। ਇਸ ਉਪਰੰਤ ਗੁਰਨਾਮ ਸਿੰਘ ਭਿੰਡਰ ਅਤੇ ਸਤਿੰਦਰ ਸੈਣੀ ਵੱਲੋਂ ਸੰਘਰਸ਼ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ।