ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਨਵੰਬਰ
ਸਥਾਨਕ ਸ਼ਹਿਰ ਦੀ ਪੂਨੀਆ ਕਲੋਨੀ ਦੇ ਲੋਕਾਂ ਨੇ ਧੂਰੀ ਰੋਡ ’ਤੇ ਰੇਲਵੇ ਓਵਰਬ੍ਰਿਜ ਹੇਠਾਂ ਬਣੇ ਪਾਰਕ ਨੂੰ ਉਜੜਨ ਤੋਂ ਬਚਾਉਂਦਿਆਂ ਪਾਰਕ ਦੀ ਸੰਭਾਲ ਦੀ ਜ਼ਿੰਮੇਵਾਰੀ ਖੁਦ ਨਿਭਾਉਣ ਦਾ ਫੈਸਲਾ ਲਿਆ ਹੈ। ਪੂਨੀਆ ਕਲੋਨੀ ਦੀ ਮੁਹੱਲਾ ਸੁਧਾਰ ਕਮੇਟੀ ਦੇ ਕਨਵੀਨਰ ਬਹਾਦਰ ਸਿੰਘ ਲੌਗੋਵਾਲ ਨੇ ਦੱਸਿਆ ਕਿ ਰੇਲਵੇ ਓਵਰਬ੍ਰਿਜ ਹੇਠਾਂ ਖਾਲੀ ਪਈ ਜਗ੍ਹਾ ਵਿੱਚ ਤਿੰਨ ਸਾਲ ਪਹਿਲਾਂ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਪਾਰਕ ਬਣਵਾਇਆ ਸੀ ਅਤੇ ਵਿਭਾਗ ਨੂੰ ਦੋ ਸਾਲ ਲਈ ਇਸ ਪਾਰਕ ਦੀ ਸੰਭਾਲ ਦੀ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਦੋ ਦੀ ਜਗ੍ਹਾ ਢਾਈ ਸਾਲ ਤਕ ਸੰਭਾਲ ਕੀਤੀ ਜਾਂਦੀ ਰਹੀ। ਪਿਛਲੇ ਛੇ ਮਹੀਨੇ ਤੋਂ ਬਿਜਲੀ ਦਾ ਕੁਨੈਕਸ਼ਨ ਕੱਟੇ ਜਾਣ ਤੋਂ ਬਾਅਦ ਪਾਰਕ ’ਚ ਲਗਾਏ ਫੁੱਲ-ਬੂਟਿਆਂ ਆਦਿ ਨੂੰ ਪਾਣੀ ਨਹੀਂ ਲੱਗਿਆ, ਜਿਸ ਕਾਰਨ ਉਹ ਸੁੱਕਣੇ ਸ਼ੁਰੂ ਹੋ ਗਏ ਸਨ। ਇਸ ਨੂੰ ਬਚਾਉਣ ਲਈ ਮੁਹੱਲੇ ਦੇ ਸੂਝਵਾਨ ਵਿਅਕਤੀਆਂ ਨੇ ਤੁਰੰਤ ਪੈਸੇ ਇਕੱਠੇ ਕਰ ਕੇ ਬਿਜਲੀ ਦਾ ਕੁਨੈਕਸ਼ਨ ਲਗਵਾਇਆ, ਟੂਟੀਆਂ ਅਤੇ ਪਾਈਪ ਆਦਿ ਦੀ ਮੁਰੰਮਤ ਕਰਵਾਈ, ਮਾਲੀ ਦਾ ਪ੍ਰਬੰਧ ਕੀਤਾ ਅਤੇ ਹੋਰ ਜੋ ਕੁੱਝ ਵੀ ਕਰਨ ਦੀ ਲੋੜ ਸੀ, ਕੀਤਾ ਗਿਆ।
ਮੁਹੱਲੇ ਦੇ ਲੋਕਾਂ ਨੇ ਮਤਾ ਪਾਸ ਕਰ ਕੇ ਪਾਰਕ ਦੀ ਸੰਭਾਲ ਦੀ ਜ਼ਿੰਮੇਵਾਰੀ ਖੁਦ ਲੈਂਦਿਆਂ ਮਤਾ ਪਾਸ ਕੀਤਾ ਹੈ ਕਿ ਕਲੋਨੀ ਦੇ ਹਰ ਘਰ ਤੋਂ ਪੰਜ ਸੌ ਰੁਪਏ ਛੇ ਮਹੀਨੇ ਬਾਅਦ ਲਿਆ ਜਾਵੇਗਾ ਤਾਂ ਜੋ ਪਾਰਕ ਦੀ ਖੂਬਸੂਰਤ ਦਿੱਖ ਬਰਕਰਾਰ ਰਹੇ। ਇਸ ਮੌਕੇ ਮਾਸਟਰ ਤਰਸੇਮ ਲਾਲ ਗੁਪਤਾ, ਸਵਰਨਜੀਤ ਸਿੰਘ, ਗੁਰਜੰਟ ਸਿੰਘ, ਗੁਰਦੀਪ ਸਿੰਘ, ਪ੍ਰਿਤਪਾਲ ਸਿੰਘ, ਪਵਨ ਕਾਂਸਲ, ਰਾਜ ਕੁਮਾਰ ਸ਼ਰਮਾ ਤੇ ਹੋਰ ਹਾਜ਼ਰ ਸਨ।