ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 26 ਦਸੰਬਰ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਬਲਾਕ ਭਵਾਨੀਗੜ੍ਹ ਦੇ ਪਿੰਡਾਂ ’ਚੋਂ ਵੱਡੀ ਗਿਣਤੀ ਵਿੱਚ ਨੌਜਵਾਨ, ਬਜ਼ੁਰਗ ਅਤੇ ਬੀਬੀਆਂ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਲਗਾਏ ਗਏ ਦਿੱਲੀ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ। ਜਾਣਕਾਰੀ ਦਿੰਦਿਆਂ ਯੂਨੀਅਨ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਸੁਖਵਿੰਦਰ ਸਿੰਘ ਬਲਿਆਲ ਅਤੇ ਰਘਵੀਰ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਦਾ ਗਰੂਰ ਤੋੜਨ ਲਈ ਅੱਜ ਬਲਾਕ ਦੇ ਪਿੰਡਾਂ ’ਚੋਂ ਵੱਡੇ ਕਾਫਲਿਆਂ ਦੇ ਰੂਪ ਵਿੱਚ ਕਿਸਾਨ ਮੋਰਚੇ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋ ਗਏ ਹਨ। ਬਲਾਕ ਦੇ ਸਭ ਤੋਂ ਵੱਡੇ ਪਿੰਡ ਘਰਾਚੋਂ ਤੋਂ ਵੱਡੀ ਗਿਣਤੀ ਵਿੱਚ ਬੀਬੀਆਂ, ਨੌਜਵਾਨ ਅਤੇ ਕਿਸਾਨ ਮਜ਼ਦੂਰ ਦਿੱਲੀ ਮੋਰਚੇ ਵਿੱਚ ਇਕਾਈ ਔਰਤ ਵਿੰਗ ਦੀ ਪ੍ਰਧਾਨ ਰਣਜੀਤ ਕੌਰ ਅਤੇ ਇਕਾਈ ਦੇ ਪ੍ਰਧਾਨ ਰਘਵੀਰ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਏ।
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੁੂੰਨਾਂ ਖ਼ਿਲਾਫ਼ ਦਿੱਲੀ ਵਿੱਚ ਇੱਕ ਮਹੀਨੇ ਤੋਂ ਜਾਰੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਅੱਜ ਵੀ ਦਿੱਲੀ-ਅੰਮ੍ਰਿਤਸਰ ਜੀ.ਟੀ ਰੋਡ ਰਾਹੀਂ ਸੈਕੜੇ ਟਰੈਕਟਰ-ਟਰਾਲੀਆਂ ’ਤੇ ਸਵਾਰ ਹੋ ਕੇ ਹਜ਼ਾਰਾਂ ਕਿਸਾਨਾਂ ਦਾ ਦਿੱਲੀ ਵੱਲ ਦਿਨ ਭਰ ਵਹੀਰਾਂ ਜਾਰੀ ਹਨ। ਦਿੱਲੀ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਇਨ੍ਹਾਂ ਕਿਸਾਨਾਂ ਦੇ ਸੰਘਣੀ ਧੁੰਦ ਅਤੇ ਹੱਡ ਚੀਰਵੀਂ ਠੰਢ ਵਿੱਚ ਵੀ ਹੌਸਲੇ ਬੁਲੰਦ ਹਨ। ਦਿੱਲੀ ਵੱਲ ਜਾਣ ਵਾਲੀ ਟਰਾਲੀਆਂ ’ਤੇ ਠੰਢ ਅਤੇ ਮੀਂਹ ਤੋਂ ਬਚਣ ਲਈ ਤਰਪਾਲਾਂ ਪਾ ਕੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਬਹੁਤੀਆਂ ਟਰਾਲੀਆਂ ਦੇ ਪਿੱਛੇ ਪਾਣੀ ਅਤੇ ਡੀਜ਼ਲ ਤੇਲ ਦੇ ਟੈਂਕਰ ਵੀ ਟੋਚਨ ਕਰਕੇ ਲਿਜਾਏ ਜਾ ਰਹੇ ਹਨ। ਦਿੱਲੀ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਰਾਜਪੁਰਾ ਤੋਂ ਲੰਘਣ ਮੌਕੇ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਪੰਜਾਬ ਦੇ ਸਮੂਹ ਸਰਕਾਰੀ ਪੋਲੀਟੈਕਨੀਕਲ ਕਾਲਜਾਂ ਦੇ ਸਟਾਫ ਵੱਲੋਂ ਉਹ ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਨੂੰ ਕਰੀਬ 30 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਸੌਂਪਣਗੇ। ਇਸ ਸੜਕ ’ਤੇ ਫਤਿਹਗੜ੍ਹ ਸਾਹਿਬ ਦੀ ਤਿੰਨ ਰੋਜ਼ਾ ਸ਼ਹੀਦੀ ਸਭਾ ਦੇ ਸ਼ਰਧਾਲੂਆਂ ਅਤੇ ਹੋਰ ਰਾਹਗੀਰਾਂ ਲਈ ਨੇੜਲੇ ਪਿੰਡਾਂ ਦੀ ਸੰਗਤ ਵੱਲੋਂ ਅਨੇਕਾਂ ਥਾਵਾਂ ’ਤੇ ਲੰਗਰ ਲਗਾਏ ਗਏ ਹਨ। ਇਸ ਤੋਂ ਇਲਾਵਾ ਸ਼ਹੀਦੀ ਸਭਾ ਤੋਂ ਪਹਿਲਾਂ ਹੀ ਦਿੱਲੀ ਮੋਰਚੇ ਵੱਲ ਵਹੀਰਾਂ ਪਾਉਣ ਵਾਲੇ ਕਿਸਾਨਾਂ ਲਈ ਰਾਜਪੁਰਾ ਅਤੇ ਸ਼ੰਭੂ ਬੈਰੀਅਰ ਵਿੱਚ ਸਮਾਜ ਸੇਵੀ ਜਥੇਬੰਦੀਆਂ ਨੇ ਲੰਗਰ ਦੀ ਸੇਵਾ ਜਾਰੀ ਰੱਖੀ ਹੋਈ ਹੈ।
ਪਿੰਡ ਰੋਹਣੋ ਤੋਂ ਰਾਸ਼ਨ ਸਮੱਗਰੀ ਲੈ ਕੇ ਜਥਾ ਦਿੱਲੀ ਰਵਾਨਾ
ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਚੱਲ ਰਹੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਲੰਗਰ ਲਈ ਲੋੜੀਂਦੀ ਸਮੱਗਰੀ ਲੈ ਕੇ ਪਿੰਡ ਰੋਹਣੋ ਦੇ ਕਿਸਾਨਾਂ ਵੱਲੋਂ ਦਿੱਲੀ ਲਈ ਚਾਲੇ ਪਾਏ। ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਦਾ ਕਿਸਾਨ ਜਥੇਬੰਦੀਆਂ ਦੇ ਸਮਰਥਨ ਵਿੱਚ ਵੱਖ-ਵੱਖ ਪਿੰਡਾਂ ਤੋਂ ਕਾਫਲੇ ਬਣਾ ਕੇ ‘ਦਿੱਲੀ ਮੋਰਚੇ’ ਲਈ ਜਾਣ ਦਾ ਸਿਲਸਿਲਾ ਜਾਰੀ ਹੈ। ਕਿਸਾਨ ਆਗੂ ਜਸਨ ਬੈਨੀਪਾਲ ਨੇ ਕਿਹਾ ਕਿ ਦਿੱਲੀ ਵਿੱਚ ਧਰਨੇ ’ਤੇ ਗਏ ਕਿਸਾਨਾਂ ਨੂੰ ਅੱਜ ਨਗਰ ਰੋਹਣੋ ਦੇ ਸਹਿਯੋਗ ਨਾਲ ਪਾਣੀ ਦੀਆਂ ਬੋਤਲਾਂ ਤੋਂ ਇਲਾਵਾ ਰਾਸ਼ਨ ਸਮੱਗਰੀ ਇਕੱਠੀ ਕਰਕੇ ਭੇਜੀ ਜਾ ਰਹੀ ਹੈ। ਇਸ ਮੌਕੇ ਸਰਪੰਚ ਹਾਕਮ ਸਿੰਘ, ਦਰਸਨ ਸਿੰਘ ਪੰਚ, ਲਖਵਿੰਦਰ ਸਿੰਘ ਕਾਲਾ, ਸੰਤ ਸਿੰਘ, ਮੋਹਿੰਦਰ ਸਿੰਘ, ਹੈਪੀ ਬੈਨੀਪਾਲ, ਬਿੰਦੂ ਬੈਨੀਪਾਲ, ਅਰਮਾਨ ਬੈਨੀਪਾਲ ਆਦਿ ਹਾਜ਼ਰ ਰਹੇ।
ਕਿਸਾਨ ਸੰਘਰਸ਼ ਦੌਰਾਨ ਫੌਤ ਹੋਈ ਔਰਤ ਦੇ ਪਰਿਵਾਰ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਟ
ਭਵਾਨੀਗੜ੍ਹ (ਪੱਤਰ ਪ੍ਰੇਰਕ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਦੌਰਾਨ ਟੌਲ ਪਲਾਜ਼ਾ ਕਾਲਾਝਾੜ ਵਿੱਚ ਸ਼ਹੀਦ ਹੋਣ ਵਾਲੀ ਬੀਬੀ ਗੁਰਮੇਲ ਕੌਰ ਵਾਸੀ ਘਰਾਚੋਂ ਦੇ ਪਰਿਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਦੌਰਾਨ ਹੁਣ ਤੱਕ ਚਾਰ ਦਰਜਨ ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਥਾਂ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ। ਉਨ੍ਹਾਂ ਪਰਿਵਾਰ ਨਾਲ ਡੁੰਘੇ ਦੁੱਖ ਦਾ ਇਜ਼ਹਾਰ ਵੀ ਕੀਤਾ।