ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 24 ਜੁਲਾਈ
ਇੱਥੇ ਅੱਜ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਸਮੇਂ-ਸਮੇਂ ਦੀਆਂ ਕੇਂਦਰੀ ਤੇ ਸੂਬਾ ਸਰਕਾਰਾਂ ਵੱਲੋਂ ਕਿਸਾਨ ਵਿਰੋਧੀ ਬਣਾਈਆਂ ਤੇ ਲਾਗੂ ਕੀਤੀਆਂ ਗਈਆਂ ਖੇਤੀ ਨੀਤੀਆਂ ਕਾਰਨ ਦੇਸ਼ ਦਾ ਖੇਤੀ ਖੇਤਰ ਬਹੁਪੱਖੀ ਸੰਕਟ ਵਿੱਚ ਘਿਰ ਗਿਆ ਹੈ। ਇਨ੍ਹਾਂ ਨੀਤੀਆਂ ਨੇ ਸਭ ਤੋਂ ਵੱਧ ਕਿਸਾਨਾਂ ਨੂੰ ਪ੍ਰਭਾਵਿਤ ਕੀਤਾ ਹੈ। ਖੇਤੀ ਤੇ ਕਿਸਾਨੀ ਸੰਕਟ ਦਾ ਹੱਲ ਸਿਰਫ਼ ਕਿਸਾਨਾਂ ਦੀ ਜਥੇਬੰਦਕ ਤਾਕਤ ਤੇ ਅਮਨਪੂਰਵਕ ਸੰਘਰਸ਼ ਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਗ਼ਲਤ ਖੇਤੀ ਨੀਤੀਆਂ ਕਾਰਨ ਹੀ ਜ਼ਮੀਨ ਦੀ ਉਪਜਾਊ ਸ਼ਕਤੀ, ਜ਼ਮੀਨਦੋਜ਼ ਪਾਣੀ, ਮਨੁੱਖੀ ਸਿਹਤ ਅਤੇ ਵਾਤਾਵਰਨ ਪ੍ਰਭਾਵਿਤ ਹੋਇਆ ਹੈ। ਸਰਕਾਰਾਂ ਨੇ ਹਮੇਸ਼ਾਂ ਹੀ ਅਮੀਰ ਘਰਾਣਿਆਂ ਅਤੇ ਵੱਡੇ ਵਪਾਰੀਆਂ ਦੇ ਹਿੱਤ ਪੂਰਨ ਦੀ ਮਨਸ਼ਾ ਨਾਲ ਖੇਤੀ ਨੀਤੀਆਂ ਬਣਾਈਆਂ ਤੇ ਲਾਗੂ ਕੀਤੀਆਂ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਭਾਅ ਨਾ ਮਿਲਣ ਕਰ ਕੇ ਕਿਸਾਨ ਕਰਜ਼ਈ ਹੁੰਦਾ ਗਿਆ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਲ ਭਰ ਦਿੱਲੀ ਦੀਆਂ ਸਰਹੱਦਾਂ ’ਤੇ ਚੱਲੇ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਖੇਤੀ ਜਿਣਸਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਦੀ ਗਾਰੰਟੀ ਅਤੇ ਲਖੀਮਪੁਰ ਘਟਨਾ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਕੇਂਦਰ ਸਰਕਾਰ ਉਕਤ ਭਰੋਸੇ ’ਤੇ ਖਰੀ ਨਹੀਂ ਉਤਰ ਰਹੀ, ਇਸ ਲਈ ਕਿਸਾਨਾਂ ਨੂੰ ਆਉਣ ਵਾਲੇ ਸਮੇਂ ’ਚ ਕੇਂਦਰ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਸੰਘਰਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਸ ਦੌਰਾਨ ਗੁਰਪ੍ਰੀਤ ਸਿੰਘ ਛੰਨਾ, ਬੂਟਾ ਖਾਂ, ਅਮਰਜੀਤ ਸਿੰਘ ਰੋਹਣੋ ਅਤੇ ਨਰਿੰਦਰਜੀਤ ਸਿੰਘ ਸਲਾਰ ਨੇ ਯੂਨੀਅਨ ਦੀਆਂ ਪਿੰਡ ਇਕਾਈਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਉਕਤ ਵਾਅਦਾ-ਖ਼ਿਲਾਫ਼ੀ ਵਿਰੁੱਧ ਲਾਮਬੰਦ ਕਰਨ ਲਈ ਪਿੰਡ ਇਕਾਈਆਂ ਦੀਆਂ ਬੈਠਕਾਂ ਕਰਨ। ਇਸ ਮੌਕੇ ਕਿਸਾਨ ਆਗੂ ਕਰਮ ਸਿੰਘ ਬਲਿਆਲ, ਹਰਭਜਨ ਸਿੰਘ ਅਲੀਪੁਰ, ਸਮਸ਼ੇਰ ਸਿੰਘ ਈਸਾਪੁਰ ਲੰਡਾ, ਸ਼ੇਰ ਸਿੰਘ ਬਾਠਾਂ, ਜਗਤਾਰ ਸਿੰਘ ਨਾਰੀਕੇ, ਦਰਬਾਰਾ ਸਿੰਘ ਬਾਗੜੀਆਂ, ਕਰਮਜੀਤ ਸਿੰਘ ਛੰਨਾ ਆਦਿ ਵੀ ਹਾਜ਼ਰ ਸਨ।