ਖੇਤਰੀ ਪ੍ਰਤੀਨਿਧ
ਧੂਰੀ, 14 ਮਈ
ਅੱਜ-ਕੱਲ੍ਹ ਵਿਦੇਸ਼ੋਂ ਰਿਸ਼ਤੇਦਾਰ ਬੋਲਦਾ ਹਾਂ ਦੱਸ ਕੇ ਠੱਗੀਆਂ ਮਾਰਨ ਵਾਲਿਆਂ ਦੀਆਂ ਆਡੀਓ ਸੋਸ਼ਲ ਮੀਡੀਆ ’ਤੇ ਘੁੰਮਣ ਦੇ ਬਾਵਜੂਦ ਧੂਰੀ ਨੇੜਲੇ ਇੱਕ ਪਿੰਡ ਦਾ ਵਿਅਕਤੀ ਅਜਿਹੇ ਨੌਸਰਬਾਜ਼ ਦੀਆਂ ਗੱਲਾਂ ਵਿੱਚ ਆ ਕੇ ਕਰੀਬ 4 ਲੱਖ 32 ਹਜ਼ਾਰ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਜ਼ਿਲ੍ਹਾ ਪੁਲੀਸ ਮੁਖੀ ਸੰਗਰੂਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ‘ਵਿਦੇਸ਼ੋਂ ਰਿਸ਼ਤੇਦਾਰ ਦੱਸ ਕੇ’ ਨੌਸਰਬਾਜ਼ ਦੀ ਠੱਗੀ ਦਾ ਸ਼ਿਕਾਰ ਹੋਏ ਨੇੜਲੇ ਪਿੰਡ ਭੱਦਲਵੱਡ ਦੇ ਨਵਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਫ਼ੋਨ ਆਇਆ, ‘‘ਮੈਂ ਵਿਦੇਸ਼ ਤੋਂ ਤੁਹਾਡਾ ਰਿਸ਼ਤੇਦਾਰ ਬੋਲਦਾ ਹਾਂ।’’ ਗੱਲਾਂ-ਗੱਲਾਂ ਵਿੱਚ ਉਸ ਨੇ ਅਗਲੇ ਦਿਨਾਂ ਵਿੱਚ ਭਾਰਤ ਆਉਣ ਦੀ ਗੱਲ ਕਹਿ ਕੇ ਉਸ ਕੋਲੋਂ ਬੈਂਕ ਦਾ ਖਾਤਾ ਨੰਬਰ ਪੁੱਛਦਿਆਂ ਖਾਤੇ ਵਿੱਚ ਰੁਪਏ ਭੇਜਣ ਦੀ ਗੱਲ ਆਖੀ ਅਤੇ ਉਸ ਵੱਲੋਂ ਖਾਤਾ ਨੰਬਰ ਦੱਸਣ ਤੋਂ ਬਾਅਦ ਉਸ ਨੇ ਕਿਹਾ ਕਿ ਉਸ ਨੇ ਤੁਹਾਡੇ ਖਾਤੇ ਵਿੱਚ 10 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ ਅਤੇ ਫਿਰ ਥੋੜ੍ਹੀ ਦੇਰ ਬਾਅਦ ਵੱਖ-ਵੱਖ ਬਹਾਨਿਆਂ ਰਾਹੀਂ ਫੋਨ ’ਤੇ ਮੈਸੇਜ ਭੇਜ ਕੇ ਕਿਹਾ ਕਿ ਤੁਸੀਂ ਉਸ ਵੱਲੋਂ ਭੇਜੇ ਪੈਸਿਆਂ ਵਿੱਚੋਂ ਕੁੱਝ ਪੈਸੇ ਟਰਾਂਸਫਰ ਕਰ ਦਿਓ ਅਤੇ ਉਸ ਨੇ ਨੌਸਰਬਾਜ਼ ਦੀਆਂ ਗੱਲਾਂ ਵਿੱਚ ਆ ਕੇ ਵੱਖ-ਵੱਖ ਟਰਾਂਸਫਰਾਂ ਰਾਹੀਂ 4.32 ਲੱਖ ਰੁਪਏ ਨੌਸਰਬਾਜ਼ ਦੇ ਖਾਤਿਆਂ ਵਿੱਚ ਭੇਜ ਦਿੱਤੇ। ਨੌਸਰਬਾਜ਼ ਵੱਲੋਂ ਹੋਰ ਪੈਸੇ ਮੰਗਣ ਦਾ ਸ਼ੱਕ ਹੋਣ ’ਤੇ ਜਦੋਂ ਉਸਨੇ ਆਪਣੇ ਰਿਸ਼ਤੇਦਾਰ ਨਾਲ ਗੱਲ ਕੀਤੀ ਤਾਂ ਉਸ ਨੇ ਅਜਿਹੀ ਰਕਮ ਭੇਜਣ ਅਤੇ ਮੰਗਣ ਬਾਰੇ ਅਗਿਆਨਤਾ ਪ੍ਰਗਟਾਈ।