ਬੀਰਬਲ ਰਿਸ਼ੀ
ਸ਼ੇਰਪੁਰ, 17 ਅਪਰੈਲ
ਦੁਬਈ ਤੋਂ ਭਾਰਤ ਪਰਤੇ ਬਲਾਕ ਸ਼ੇਰਪੁਰ ’ਚ ਪੈਂਦੇ ਪਿੰਡ ਸਲੇਮਪੁਰ ਦੇ ਨੌਜਵਾਨ ਟੇਕਪ੍ਰੀਤ ਸਿੰਘ ਉਰਫ਼ ਸ਼ਨੀ (31) ਦੀ ਘਰ ਪਹੁੰਚਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਹਲਕੇ ਦੇ ਟੌਲ ਪਲਾਜ਼ਾ ਲੱਡਾ ਕੋਲ ਭੇਤਭਰੀ ਹਾਲਤ ਵਿੱਚ ਹੋਈ ਮੌਤ ਦਾ ਮਾਮਲਾ ਹੁਣ ਪੀੜਤ ਪਰਿਵਾਰ ਵੱਲੋਂ ਉਂਗਲ ਚੁੱਕਣ ਮਗਰੋਂ ਪੁਲੀਸ ਲਈ ਚੁਣੌਤੀ ਬਣ ਗਿਆ ਹੈ। ਭਾਵੇਂ ਪੁਲੀਸ ਨੇ ਐੱਸਐੱਚਓ ਸਦਰ ਦੀ ਅਗਵਾਈ ਹੇਠ ਆਪਣੀ ਸਾਰੀ ਸ਼ਕਤੀ ਝੋਕ ਦਿੱਤੀ ਹੈ ਪਰ ਹਾਲੇ ਤੱਕ ਕੋਈ ਜ਼ਿਕਰਯੋਗ ਉਤਸ਼ਾਹ ਵਧਾਉ ਪ੍ਰਾਪਤੀ ਪੁਲੀਸ ਹੱਥ ਨਹੀਂ ਲੱਗੀ ਜਦੋਂਕਿ ਪੀੜਤ ਮਾਪੇ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਵਿੱਚ ਰੁੱਝ ਗਏ ਹਨ। ਯਾਦ ਰਹੇ ਕਿ ਟੇਕਪ੍ਰੀਤ ਸਿੰਘ ਸ਼ਨੀ 11 ਅਪਰੈਲ ਨੂੰ ਸ਼ਾਮ ਸਾਢੇ ਕੁ ਚਾਰ ਵਜੇ ਦੁਬਈ ਤੋਂ ਵਾਪਸ ਚੰਡੀਗੜ੍ਹ ਏਅਰਪੋਰਟ ’ਤੇ ਤਾਂ ਪਰਤਿਆ ਪਰ ਉਸ ਸ਼ਾਮ ਘਰ ਨਹੀਂ ਪੁੱਜਿਆ। ਸਦਰ ਪੁਲੀਸ ਨੂੰ ਲੱਡਾ ਟੌਲ ਪਲਾਜ਼ਾ ਨੇੜਿਓਂ ਮਿਲੇ ਟੇਕਪ੍ਰੀਤ ਸਿੰਘ ਸ਼ਨੀ ਦੀ ਲਾਸ਼ ਨੂੰ 72 ਘੰਟੇ ਲਈ ਮੋਰਚਰੀ ਵਿੱਚ ਰੱਖੇ ਜਾਣ ਮਗਰੋਂ ਸਸਕਾਰ ਕਰ ਦਿੱਤਾ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਸਬੰਧਤ ਜਾਂਚ ਅਫ਼ਸਰ ਵੱਲੋਂ ਕਥਿਤ ਅਧੂਰੀ ਜਾਣਕਾਰੀ ਦੇਣ ਤੋਂ ਨਾਖੁਸ਼ ਪੀੜਤ ਪਰਿਵਾਰ ਨੇ ਰੋਸ ਵਜੋਂ ਉਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ ਜਿਸ ਮਗਰੋਂ ਡੀਐੱਸਪੀ ਪਰਮਿੰਦਰ ਸਿੰਘ ਵੱਲੋਂ ਐੱਸਐੱਚਓ ਸਦਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਗਠਿਤ ਕੀਤੀ ਟੈਕਨੀਕਲ ਟੀਮ ਤੇ ਸੀਆਈਏ ਸਟਾਫ਼ ਵੱਲੋਂ ਅੱਜ ਸਾਰਾ ਦਿਨ ਕੈਮਰੇ ਖੰਗਾਲੇ ਜਾਣ ’ਤੇ ਸੰਗਰੂਰ-ਲੱਡਾ ਸੜਕ ’ਤੇ ਪੁੱਛ ਪੜਤਾਲ ਦਾ ਕੰਮ ਜਾਰੀ ਰਿਹਾ। ਸਦਰ ਥਾਣੇ ਤੋਂ ਸਲੇਮਪੁਰ ਦੀ ਦੂਰੀ ਮਹਿਜ਼ 17 ਕਿਲੋਮੀਟਰ ਹੈ ਪਰ ਪੁਲੀਸ ਨੇ ਮਰਹੂਮ ਦੀ ਸ਼ਨਾਖ਼ਤ ਲਈ ਕਿਹੜੇ ਉਪਰਾਲੇ ਕੀਤੇ? ਪੁਲੀਸ ਨੂੰ ਮਰਹੂਮ ਦਾ ਪਾਸਪੋਰਟ ਕਿੱਥੋਂ ਤੇ ਕਿਵੇਂ ਮਿਲਿਆ? ਪੀੜਤ ਪਰਿਵਾਰ ਨੂੰ ਅਜਿਹੇ ਕਈ ਸੁਆਲਾਂ ਦੇ ਜਵਾਬ ਮਿਲਣੇ ਬਾਕੀ ਹਨ। ਮਰਹੂਮ ਦੇ ਨਜ਼ੀਦੀਕੀ ਰਿਸ਼ਤੇਦਾਰ ਲਾਲੀ ਸਲੇਮਪੁਰ ਨੇ ਸੰਪਰਕ ਕਰਨ ’ਤੇ ਹੈਰਾਨੀ ਪ੍ਰਗਟ ਕਰਦਿਆਂ ਦੱਸਿਆ ਕਿ ਟੇਕਪ੍ਰੀਤ ਸਿੰਘ ਦੁਬਈ ਤੋਂ ਜਿਹੜੇ ਕੱਪੜਿਆਂ ਵਿੱਚ ਭਾਰਤ ਪਰਤਿਆ ਸੀ, ਅੰਤਿਮ ਸਮੇਂ ਉਹ ਕੱਪੜਿਆਂ ਦੀ ਥਾਂ ਉਸਦੇ ਹੋਰ ਕੱਪੜੇ ਪਾਏ ਹੋਏ ਸਨ। ਟੇਕਪ੍ਰੀਤ ਸਿੰਘ ਸ਼ਨੀ ਦੇ ਪਿਤਾ ਹਰਵਿੰਦਰ ਸਿੰਘ ਆਪਣੇ ਪੁੱਤਰ ਦੇ ਫੁੱਲਾਂ ਦੀਆਂ ਰਸਮਾਂ ਪੂਰੀਆਂ ਕਰਨ ਲਈ ਗਏ ਹੋਏ ਸਨ। ਉਧਰ, ਐੱਸਐੱਚਓ ਸਦਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਕੱਲ੍ਹ ਤੋਂ ਸੀਸੀਟੀਵੀ ਕੈਮਰੇ ਖੰਗਾਲਣ ਲੱਗੇ ਹੋਏ ਹਨ ਪਰ ਹਾਲੇ ਤੱਕ ਅਜਿਹਾ ਕੁਝ ਨਹੀਂ ਜੋ ਖਾਸ ਤੌਰ ’ਤੇ ਜ਼ਿਕਰਯੋਗ ਹੋਵੇ। ਉਨ੍ਹਾਂ ਦੱਸਿਆ ਕਿ ਭਲਕੇ ਉਹ ਚੰਡੀਗੜ੍ਹ ਏਅਰਪੋਰਟ ’ਤੇ ਜਾ ਕੇ ਪੜਤਾਲ ਕਰਨਗੇ।
ਨਸ਼ੀਲੀਆਂ ਗੋਲ਼ੀਆਂ ਸਣੇ ਮਹਿਲਾ ਕਾਬੂ
ਪਟਿਆਲਾ (ਖੇਤਰੀ ਪ੍ਰਤੀਨਿਧ) ਥਾਣਾ ਪਸਿਆਣਾ ਦੇ ਖੇਤਰ ’ਚੋਂਂ ਇੱਕ ਮਹਿਲਾ ਨੂੰ ਸੌ ਨਸ਼ੀਲੀਆਂ ਗੋਲ਼ੀਆਂ ਸਣੇ ਕਾਬੂ ਕੀਤਾ ਗਿਆ ਹੈ। ਥਾਣਾ ਪਸਿਆਣਾ ਦੇ ਐੱਸਐੱਚਓ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਮਹਿਲਾ ਮੁਲਜਮ ਦੀ ਪਛਾਣ ਅਕਵਿੰਦਰ ਕੌਰ ਵਜੋਂ ਹੋਈ ਹੈ। ਉਸ ਖ਼ਿਲਾਫ਼ ਥਾਣਾ ਪਸਿਆਣਾ ’ਚ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਸਹਾਇਕ ਥਾਣੇਦਾਰ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਕਾਬੂ ਕੀਤਾ। ਪੁਲੀਸ ਜਦੋਂ ਗਸ਼ਤ ਕਰ ਰਹੀ ਸੀ, ਤਾਂ ਇੱਕ ਮਹਿਲਾ ਵਲੋਂ ਨਸ਼ੀਲੀਆਂ ਗੋਲੀਆਂ ਵੇਚਣ ਦੀ ਇਤਲਾਹ ਮਿਲੀ। ਜਿਸ ’ਤੇ ਪੁਲੀਸ ਨੇ ਇਸ ਮਹਿਲਾ ਨੂੰ ਮੌਕੇ ’ਤੇ ਹੀ ਦਬੋਚ ਲਿਆ। ਜਿਸ ਸਬੰਧੀ ਉਸ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।