ਰਮੇਸ਼ ਭਾਰਦਵਾਜ
ਲਹਿਰਾਗਾਗਾ, 16 ਜੁਲਾਈ
ਪਿੰਡ ਗੁਰਨੇ ਖੁਰਦ ਵਿੱਚ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਪੁਸ਼ਪਿੰਦਰ ਸਿੰਘ ਅਤੇ ਥਾਣਾ ਮੁਖੀ ਜਤਿੰਦਰਪਾਲ ਸਿੰਘ ਮੌਕੇ ’ਤੇ ਪੁੱਜੇ। ਪੁਲੀਸ ਨੇ ਪਿੰਡ ਦੇ ਦੋ ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਪਰ ਦੋਵੇਂ ਫ਼ਰਾਰ ਦੱਸੇ ਜਾਂਦੇ ਹਨ।
ਥਾਣਾ ਲਹਿਰਾਗਾਗਾ ਦੇ ਐੱਸ.ਐੱਚ.ਓ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਗੁਰਨੇ ਖੁਰਦ ਵਿੱਚ ਗੁਰਦੀਪ ਸਿੰਘ (30) ਪੁੱਤਰ ਭੋਲਾ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨੂੰ ਪੁਰਾਣੀ ਰੰਜਿਸ਼ ਤਹਿਤ ਅੰਜ਼ਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ਉਰਫ਼ ਜੱਸਾ ਅਤੇ ਜਰਨੈਲ ਸਿੰਘ ਵਾਸੀਆਨ ਪਿੰਡ ਗੁਰਨੇ ਖੁਰਦ ਖ਼ਿਲਾਫ਼ ਕਤਲ ਦੇ ਦੋਸ਼ ਅਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਜੋ ਆਪਸ ਵਿੱਚ ਚਾਚਾ-ਭਤੀਜਾ ਹਨ। ਇਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਦੀਪ ਸਿੰਘ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।