ਮੁੱਖ ਅੰਸ਼
- 20 ਦਿਨਾਂ ਦੇ ਅੰਦਰ ਮਸਲਾ ਹੱਲ ਕਰਨ ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ
- ਵਾਲਮੀਕਿ ਭਾਈਚਾਰੇ ਵੱਲੋਂ 21 ਦਿਨਾਂ ਵਿੱਚ ਫੰਡ ਜਾਰੀ ਨਾ ਹੋਣ ’ਤੇ ਸੂਬਾ ਪੱਧਰੀ ਸੰਘਰਸ਼ ਵਿੱਢਣ ਦੀ ਚਿਤਾਵਨੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਜੁਲਾਈ
ਇੱਥੇ ਭਗਵਾਨ ਵਾਲਮੀਕਿ ਰਾਮਾਇਣ ਭਵਨ ਅਤੇ ਸਰੋਵਰ ਦੇ ਸਤਿਸੰਗ ਤੇ ਲੰਗਰ ਹਾਲ ਲਈ ਜਾਰੀ 1.25 ਕਰੋੜ ਰੁਪਏ ਦਾ ਫੰਡ ਪੰਜਾਬ ਸਰਕਾਰ ਵੱਲੋਂ ਵਾਪਸ ਲੈਣ ਖ਼ਿਲਾਫ਼ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਵੱਲੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਭਰੋਸੇ ਮਗਰੋਂ ਸਮਾਪਤ ਕਰ ਦਿੱਤੀ ਗਈ। ਪਿਛਲੇ ਛੇ ਦਿਨਾਂ ਤੋਂ ਜਿੱਥੇ ਭੁੱਖ ਹੜਤਾਲ ਜਾਰੀ ਸੀ ਉੱਥੇ ਹੀ ਵਾਲਮੀਕਿ ਭਾਈਚਾਰੇ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜਤਾਉਂਦਿਆਂ ਸੰਘਰਸ਼ ਨੂੰ ਸੂਬਾ ਪੱਧਰ ’ਤੇ ਲਿਜਾਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ।
ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਦੇ ਪੰਜ ਮੈਂਬਰ ਪ੍ਰਧਾਨ ਰਵੀ ਚਾਵਲਾ, ਖ਼ਜ਼ਾਨਚੀ ਸੁਭਾਸ਼ ਕੁਮਾਰ, ਮੈਂਬਰ ਸੀਤਾ ਰਾਮ ਚੌਹਾਨ, ਰਫੀ ਅਤੇ ਅਨਿਲ ਭੁੱਖ ਹੜਤਾਲ ’ਤੇ ਡਟੇ ਹੋਏ ਸਨ। ਅੱਜ ਛੇਵੇਂ ਦਿਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਭੁੱਖ ਹੜਤਾਲੀ ਕੈਂਪ ਵਿੱਚ ਪੁੱਜੇ ਜਿਨ੍ਹਾਂ ਭੁੱਖ ਹੜਤਾਲ ’ਤੇ ਬੈਠੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਵਿਧਾਇਕਾ ਨੇ ਭਰੋਸਾ ਦਿਵਾਇਆ ਕਿ 20 ਦਿਨਾਂ ਦੇ ਅੰਦਰ ਮਸਲੇ ਦਾ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵੀ ਚਾਵਲਾ ਨੇ ਵਿਧਾਇਕਾ ਨੂੰ ਕਿਹਾ ਕਿ ਪ੍ਰਬੰਧਕ ਕਮੇਟੀ ਸਰਕਾਰ ਨੂੰ 21 ਦਿਨਾਂ ਦਾ ਸਮਾਂ ਦਿੰਦਿਆਂ ਮੰਗ ਕਰਦੀ ਹੈ ਕਿ ਭਗਵਾਨ ਵਾਲਮੀਕਿ ਰਾਮਾਇਣ ਭਵਨ ਅਤੇ ਸਰੋਵਰ ਦੇ ਸਤਿਸੰਗ ਤੇ ਲੰਗਰ ਹਾਲ ਲਈ 1.25 ਕਰੋੜ ਰੁਪਏ ਦੇ ਵਾਪਸ ਲਏ ਫੰਡ ਮੁੜ ਜਾਰੀ ਕੀਤੇ ਜਾਣ। ਜੇਕਰ ਸਰਕਾਰ ਨੇ ਇਹ ਫੰਡ ਜਾਰੀ ਨਾ ਕੀਤੇ ਤਾਂ 21 ਦਿਨਾਂ ਬਾਅਦ ਵਾਲਮੀਕਿ ਸਮਾਜ ਦਾ ਵੱਡਾ ਇਕੱਠ ਕਰ ਕੇ ਸੰਘਰਸ਼ ਨੂੰ ਸੂਬਾ ਪੱਧਰ ’ਤੇ ਲਿਜਾਂਦਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਭਗਵਾਨ ਵਾਲਮੀਕਿ ਰਾਮਾਇਣ ਭਵਨ ਅਤੇ ਸਰੋਵਰ ਦੇ ਸਤਿਸੰਗ ਤੇ ਲੰਗਰ ਹਾਲ ਲਈ 1.25 ਕਰੋੜ ਰੁਪਏ ਦੇ ਫੰਡ ਜਾਰੀ ਹੋਏ ਸਨ ਪਰ ‘ਆਪ’ ਸਰਕਾਰ ਨੇ ਇਹ ਫੰਡ ਵਾਪਸ ਮੰਗਵਾ ਕੇ ਵਾਲਮੀਕਿ ਸਮਾਜ ਨਾਲ ਵਿਤਕਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਨੁਮਾਇੰਦਿਆਂ ਨੂੰ ਵਾਰ-ਵਾਰ ਲਿਖਤੀ ਪੱਤਰ ਦੇਣ ਦੇ ਬਾਵਜੂਦ ਅਜੇ ਤੱਕ ਫੰਡ ਮੁੜ ਜਾਰੀ ਨਹੀਂ ਕੀਤੇ ਗਏ ਜਿਸ ਕਾਰਨ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਨੂੰ ਵਾਲਮੀਕਿ ਭਾਈਚਾਰੇ ਦੇ ਸਹਿਯੋਗ ਨਾਲ ਭੁੱਖ ਹੜਤਾਲ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਿਆ ਸੀ।