ਐਸ ਐਸ ਸੱਤੀ
ਮਸਤੂਆਣਾ ਸਾਹਿਬ, 5 ਅਕਤੂਬਰ
ਇਥੋਂ ਦੀ ਪਵਿੱਤਰ ਧਰਤੀ ’ਤੇ ਖੁੱਲ੍ਹਣਾ ਸੀ ਮੈਡੀਕਲ ਕਾਲਜ, ਪਰ ਖੁੱਲ੍ਹ ਗਈ ਅਨਾਜ ਮੰਡੀ। ਇਲਾਕੇ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਉਡੀਕ ਰਹੇ ਸੀ ਕਿ ਮਸਤੂਆਣਾ ਸਾਹਿਬ ਵਿਖੇ ਜਲਦੀ ਹੀ ਮੈਡੀਕਲ ਕਾਲਜ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਪਰ ਅਜਿਹਾ ਕੁਝ ਨਾ ਹੋਇਆ।
ਮੈਡੀਕਲ ਕਾਲਜ ਬਣਾਉਣ ਦੀ ਥਾਂ ’ਤੇ ਝੋਨਾ ਵੇਚਣ ਲਈ ਅਨਾਜ ਮੰਡੀ ਬਣਾਉਣ ਸਬੰਧੀ ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਕਹਾਵਤ ਨੂੰ ਸਹੀ ਸਿੱਧ ਕਰ ਵਿਖਾਇਆ ਹੈ ਕਿ ਵਾਹ-ਵਾਹ ਕਿਸਮਤ ਦਿਆ ਬਲੀਆ, ਰਿੰਨ੍ਹੀ ਸੀ ਖੀਰ ਬਣ ਗਿਆ ਦਲੀਆ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਕੁੰਨਰਾਂ ਨੇ ਕਿਹਾ ਕਿ ਅਸੀਂ ਤਾਂ ਇਹ ਆਸ ਰੱਖਦੇ ਸੀ ਕਿ ਜਲਦੀ ਹੀ ਇੱਥੇ ਕਾਲਜ ਬਣ ਕੇ ਤਿਆਰ ਹੋ ਜਾਏਗਾ। ਪਰ ਇੰਜ ਲੱਗਦਾ ਹੈ ਕਿ ਇਥੇ ਮੈਡੀਕਲ ਕਾਲਜ ਦੀ ਥਾਂ ’ਤੇ ਅਨਾਜ ਮੰਡੀ ਹੀ ਨਾ ਬਣ ਕੇ ਰਹਿ ਜਾਵੇ।
ਪਿੰਡ ਲਿੱਦੜਾਂ ਦੇ ਸਰਪੰਚ ਜਸਪਾਲ ਸਿੰਘ ਸਿੱਧੂ ਅਤੇ ਬੱਗਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਨੀਂਹ ਪੱਥਰ ਰੱਖੇ ਨੂੰ ਪੂਰੇ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਮੈਡੀਕਲ ਕਾਲਜ ਸਬੰਧੀ ਕੋਈ ਸਰਗਰਮੀ ਨਜ਼ਰ ਨਹੀਂ ਆਈ। ਉੱਧਰ ਮਾਰਕੀਟ ਕਮੇਟੀ ਦੇ ਦਫ਼ਤਰ ਸੰਗਰੂਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਮੰਡੀ ਵਿਚ ਜਗ੍ਹਾ ਦੀ ਘਾਟ ਹੋਣ ਕਾਰਨ ਇਸ ਦਫਤਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਿਮਤੀ ਨਾਲ ਕੁੱਝ ਥਾਵਾਂ ਆਰਜ਼ੀ ਮੰਡੀ ਲਈ ਲਈਆਂ ਗਈਆਂ ਹਨ। ਜਿਨ੍ਹਾਂ ਵਿੱਚ ਹੀ ਨਵੇਂ ਮੈਡੀਕਲ ਕਾਲਜ ਦੀ ਉਸਾਰੀ ਅਧੀਨ ਪੱਚੀ ਏਕੜ ਜ਼ਮੀਨ ਵੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੈਡੀਕਲ ਕਾਲਜ ਵਾਲੀ ਜ਼ਮੀਨ ’ਤੇ ਜੇਕਰ ਕਿਸਾਨ ਆਪਣਾ ਝੋਨਾ ਢੇਰੀ ਕਰਨਗੇ ਤਾਂ ਇੱਥੇ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਨਾ ਹੀ ਇੱਥੇ ਕੋਈ ਪੱਕਾ ਫੜ੍ਹ ਹੈ, ਨਾ ਛਾਂ ਅਤੇ ਨਾ ਪਾਣੀ ਦਾ ਪ੍ਰਬੰਧ। ਵੱਡਾ ਵੱਡਾ ਘਾਹ ਫੂਸ ਅਤੇ ਵੱਡੇ ਵੱਡੇ ਟੋਏ ਪਏ ਹੋਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਆਪ ਸਰਕਾਰ ਦੀਆਂ ਨੀਤੀਆਂ ਦੀ ਸਮਝ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਮਸਤੂਆਣਾ ਸਾਹਿਬ ਨੇੜੇ ਬਣਨ ਵਾਲੇ ਮੈਡੀਕਲ ਕਾਲਜ ਦੀ ਜ਼ਮੀਨ ’ਤੇ ਸਰਕਾਰ ਵੱਲੋਂ ਆਰਜ਼ੀ ਮੰਡੀ ਬਣਾਉਣ ਦੇ ਫ਼ੈਸਲੇ ਨਾਲ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗਿਆ ਹੈ ਕਿ ਸ਼ਾਇਦ ਸਰਕਾਰ ਮੈਡੀਕਲ ਕਾਲਜ ਬਣਾਉਣ ਦੀ ਥਾਂ ਇੱਥੇ ਅਨਾਜ ਮੰਡੀ ਹੀ ਨਾ ਬਣਾ ਦੇਵੇ।
ਸਰਕਾਰ ਨੇ ਵਾਅਦਾ ਪੂਰਾ ਕੀਤਾ: ਸ਼ਹਿਰ ਵਾਸੀ
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਇਥੇ ਦੂਜੀਆਂ ਸਰਕਾਰਾਂ ਵਾਂਗ ਲਗਾਏ ਗਏ ਨੀਂਹ ਪੱਥਰਾਂ ਨਾਲ ਝੋਟੇ ਢੱਠੇ ਨਹੀਂ ਖਹਿਣਗੇ। ਘੱਟੋ ਘੱਟ ਇਸ ਵਾਅਦੇ ਨੂੰ ਤਾਂ ਸਰਕਾਰ ਨੇ ਸੁਰੱਖਿਆ ਕਰਮਚਾਰੀ ਤਾਇਨਾਤ ਕਰਕੇ ਪੂਰਾ ਕਰ ਦਿੱਤਾ ਹੈ। ਨੀਂਹ ਪੱਥਰ ਦੀ ਰਾਖੀ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਇਕ ਗੱਡੀ ਸਮੇਤ ਛੇ ਪੁਲੀਸ ਮੁਲਾਜ਼ਮ ਬਿਠਾਏ ਗਏ ਹਨ। ਸੁਰੱਖਿਆ ਕਰਮੀਆਂ ਕਾਰਨ ਇਥੇ ਕਿਸੇ ਝੋਟੇ ਜਾਂ ਢੱਠੇ ਦਾ ਪੁੱਜਣਾ ਔਖਾ ਹੀ ਨਹੀਂ, ਨਾਮੁਮਕਿਨ ਹੈ। ਬਡਰੁੱਖਾਂ ਪੁਲੀਸ ਚੌਂਕੀ ਦੇ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਦੇ ਨੀਂਹ ਪੱਥਰ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਦੇ ਛੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।