ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 11 ਮਾਰਚ
ਇਥੋਂ ਥੋੜੀ ਦੂਰ ਪਿੰਡ ਬਡਰੁੱਖਾਂ ਦੇ ਮਾਤਾ ਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਫੁੱਲਵਾੜੀ ਵਿੱਚ ਹੋਰਨਾਂ ਪੌਦਿਆਂ ਦੇ ਨਾਲ ਨਾਲ ਵੱਡੀ ਗਿਣਤੀ ਪੋਸਤ ਦੇ ਬੂਟਿਆਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਇਸ ਸਬੰਧੀ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਗਤਾਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ। ਇਸ ਮਾਮਲੇ ਦੀ ਜਾਣਕਾਰੀ ਸਕੂਲ ਪ੍ਰਿੰਸੀਪਲ ਤੋਂ ਹਾਸਲ ਕੀਤੀ ਜਾਵੇਗੀ। ਸਕੂਲ ਪ੍ਰਿੰਸੀਪਲ ਵਿਨੋਦ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਮਾਮਲੇ ਤੋਂ ਪੱਲਾ ਝਾੜਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਪੋਸਤ ਕਿਸਨੇ ਬੀਜਿਆ ਹੈ ਅਤੇ ਨਾ ਹੀ ਉਸਨੂੰ ਪੋਸਤ ਦੇ ਬੂਟਿਆਂ ਦੀ ਪਛਾਣ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਕੁਲਜੀਤ ਸਿੰਘ ਤੂਰ ਤੇ ਟਰੱਕ ਯੂਨੀਅਨ ਸੰਗਰੂਰ ਦੇ ਸਾਬਕਾ ਪ੍ਰਧਾਨ ਰਣਦੀਪ ਸਿੰਘ ਮਿੰਟੂ ਬਡਰੁੱਖਾਂ ਨੇ ਕਿਹਾ ਕਿ ਇਹ ਸਕੂਲ ਵਿਰੁੱਧ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ।ਜਦੋਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸਸ) ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਮਾਮਲਾ ਕਾਫ਼ੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈ ਪਰ ਫਿਰ ਵੀ ਇਸ ਮਾਮਲੇ ਦੀ ਜਾਂਚ ਲਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਡਿਊਟੀ ਲਾਉਣਗੇ। ਵਿਦਿਅਕ ਸੰਸਥਾ ਨਾਲ ਸਬੰਧਤ ਹੋਣ ਕਰਕੇ ਸਬੰਧਤ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ।