ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਮਈ
ਸੰਗਰੂਰ ਪੁਲੀਸ ਵਲੋਂ ਗੋਲੀ ਮਾਰ ਕੇ ਆਪਣੇ ਦੋਸਤ ਦਾ ਕਤਲ ਕਰਨ ਵਾਲੇ ਮੁੱਖ ਮੁਲਜ਼ਮ ਸਣੇ ਦੋਵੇਂ ਭਰਾਵਾਂ ਨੂੰ ਗ੍ਰਿਫ਼ਤਾਰ ਕਰਨ ਲਿਆ ਗਿਆ ਹੈ ਅਤੇ ਵਾਰਦਾਤ ਮੌਕੇ ਵਰਤਿਆ 32 ਬੋਰ ਪਿਸਟਲ ਵੀ ਬਰਾਮਦ ਕਰ ਲਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਵਲੋਂ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਮਈ ਦੀ ਰਾਤ ਨੂੰ ਸਥਾਨਕ ਘੁਮਿਆਰ ਬਸਤੀ ਵਿਖੇ ਕਮਲਦੀਪ ਕੁਮਾਰ ਉਰਫ਼ ਕਮਲ ਦਾ ਗੋਲੀ ਮਾਰ ਕੇ ਕਤਲ ਕਰਨ ਵਾਲੇ ਮੁੱਖ ਮੁਲਜ਼ਮ ਹੁਸਨਪਾਲ ਸਿੰਘ ਉਰਫ਼ ਗੋਲਡੀ ਬਾਕਸਰ ਅਤੇ ਉਸ ਦੇ ਭਰਾ ਮਨਿੰਦਰ ਸਿੰਘ ਉਰਫ਼ ਮੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਗੋਲਡੀ ਬਾਕਸਰ ਕੋਲੋਂ 32 ਬੋਰ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਪਿਸਟਲ ਮੁਲਜ਼ਮ ਕਿਥੋਂ ਲੈ ਕੇ ਆਏ ਸਨ, ਬਾਰੇ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਹੈ। ਮੁਲਜ਼ਮਾਂ ਨੂੰ ਸ਼ੱਕ ਸੀ ਕਿ ਕਮਲਦੀਪ ਕੁਮਾਰ ਉਰਫ਼ ਕਮਲ ਲੜਾਈ ਝਗੜੇ ਦੇ ਇੱਕ ਕੇਸ ਵਿਚ ਰਾਜ਼ੀਨਾਮਾ ਨਹੀਂ ਹੋਣ ਦੇ ਰਿਹਾ। ਐਸਐਸਪੀ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿਚ ਕਿਸੇ ਦੀ ਗੁੰਡਾਗਰਦੀ ਜਾਂ ਬਦਮਾਸ਼ੀ ਨਹੀਂ ਚੱਲਣ ਦਿੱਤੀ ਜਾਵੇਗੀ ਅਤੇ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ। ਮੁਲਜ਼ਮ ਭਰਾਵਾਂ ਦੀ ਉਮਰ 25 ਅਤੇ 28 ਸਾਲ ਹੈ। ਹੁਸਨਪਾਲ ਦੇ ਖ਼ਿਲਾਫ਼ ਪਹਿਲਾਂ ਵੀ ਦੋ ਵੱਖ-ਵੱਖ ਕੇਸ ਦਰਜ ਹਨ।
ਇਸ ਤੋਂ ਇਲਾਵਾ ਸੀਆਈਏ ਸਟਾਫ਼ ਦੀ ਪੁਲੀਸ ਪਾਰਟੀ ਵਲੋਂ ਨਾਕੇਬੰਦੀ ਦੌਰਾਨ ਪੁਲ ਸੂਆ ਜਵੰਧਾ ਰੋਡ ਸੁਨਾਮ ਤੋਂ ਬੱਬੂ ਸਿੰਘ ਉਰਫ਼ ਜੋਜੋ ਵਾਸੀ ਰਾਮਗੜ੍ਹ ਜਵੰਧੇ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਇੱਕ 32 ਬੋਰ ਪਿਸਟਲ ਸਮੇਤ ਦੋ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੱਬੂ ਸਿੰਘ ਉਰਫ ਜੋਜੋ ਇਹ ਪਿਸਟਲ 32 ਬੋਰ ਆਪਣੇ ਸਾਥੀ ਅਮਰੀਕ ਸਿੰਘ ਪੁੱਤਰ ਅਮਰ ਨਾਥ ਵਾਸੀ ਖਡਿਆਲ ਕੋਠੇ ਥਾਣਾ ਛਾਜਲੀ ਤੋਂ ਲਿਆ ਸੀ ਜਿਸ ’ਤੇ ਅਮਰੀਕ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।