ਜੈਸਮੀਨ ਭਾਰਦਵਾਜ
ਨਾਭਾ, 17 ਅਪਰੈਲ
ਜਿਵੇਂ ਕਣਕ ਦਾ ਝਾੜ ਇਸ ਸਾਲ ਕਾਫੀ ਘੱਟ ਰਿਹਾ ਹੈ, ਉਸੇ ਤਰ੍ਹਾਂ ਸਰ੍ਹੋਂ ਬੀਜਣ ਵਾਲੇ ਕਿਸਾਨ ਵੀ ਘੱਟ ਝਾੜ ਕਾਰਨ ਪ੍ਰੇਸ਼ਾਨ ਹਨ। ਕਿਸਾਨਾਂ ਮੁਤਾਬਕ ਝਾੜ ’ਚ 30 ਤੋਂ 40 ਫ਼ੀਸਦ ਗਿਰਾਵਟ ਹੈ ਤੇ ਖੇਤੀਬਾੜੀ ਵਿਭਾਗ ਅਨੁਸਾਰ ਉਨ੍ਹਾਂ ਕੋਲ 10 ਫ਼ੀਸਦ ਗਿਰਾਵਟ ਦਰਜ ਹੋਈ। ਥੂਹੀ ਪਿੰਡ ਤੋਂ ਕਿਸਾਨ ਕੁਲਵੰਤ ਸਿੰਘ ਮੁਤਾਬਕ ਉਨ੍ਹਾਂ ਵੱਲੋਂ ਬੀਜੀ ਕਿਸਮ ਦਾ ਝਾੜ 2 ਕੁਇੰਟਲ ਪ੍ਰਤੀ ਵਿੱਘਾ ਹੁੰਦਾ ਹੈ ਪਰ ਇਸ ਵਾਰ ਡੇਢ ਕੁਇੰਟਲ ਤੋਂ ਵੀ ਘੱਟ ਝਾੜ ਨਿੱਕਲ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਓਂਕਾਰ ਸਿੰਘ ਅਗੌਲ ਨੇ ਦੱਸਿਆ ਕਿ ਸਰ੍ਹੋਂ ਦੇ ਨਾਲ ਨਾਲ ਛੋਲਿਆਂ ਦੀ ਫਸਲ ’ਤੇ ਵੀ ਖੂਬ ਅਸਰ ਰਿਹਾ ਹੈ। ਹੁਣ ਬੇਹਿਸਾਬ ਗਰਮੀ ਤੋਂ ਪਹਿਲਾਂ ਸਰਦੀ ’ਚ ਬੇਹੱਦ ਬਰਸਾਤ ਕਾਰਨ ਆਲੂ ਦੇ ਕਿਸਾਨ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ ਅਤੇ ਹੁਣ ਛੋਲੇ ਤੇ ਸਰ੍ਹੋਂ ਦੀ ਫ਼ਸਲ ’ਚ ਵੀ ਝਾੜ ਘੱਟ ਨਿਕਲਣ ਕਾਰਨ ਕਿਸਾਨ ਕਰਜ਼ੇ ਦੀ ਦਲਦਲ ਵਿੱਚ ਫਸੇਗਾ।
ਪਟਿਆਲਾ ਖੇਤੀਬਾੜੀ ਅਫਸਰ ਡਾ. ਜਸਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸਰ੍ਹੋਂ ਦਾ ਔਸਤ ਝਾੜ 7.3 ਕੁਇੰਟਲ ਪ੍ਰਤੀ ਏਕੜ ਰਿਹਾ ਸੀ ਅਤੇ ਇਸ ਵਾਰੀ 16 ਖੇਤਾਂ ਵਿੱਚ ਔਸਤ 6.6 ਕੁਇੰਟਲ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ। ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਪਿਛਲੀ ਵਾਰ ਸਰ੍ਹੋਂ ਦਾ ਵਧੀਆ ਭਾਅ ਮਿਲਣ ਕਾਰਨ ਇਸ ਵਾਰੀ ਉਨ੍ਹਾਂ ਨੇ ਕਣਕ ਛੱਡ ਕੇ ਸਰ੍ਹੋਂ ਬੀਜੀ ਸੀ ਪਰ ਇਸ ਤਰ੍ਹਾਂ ਦੇ ਘਾਟੇ ਨੇ ਉਨ੍ਹਾਂ ਨੂੰ ਦੋ ਫਸਲੀ ਚੱਕਰ ਵਿੱਚੋਂ ਨਿਕਲਣ ਨਹੀਂ ਦਿੱਤਾ।